ਪਿਓ ਨੇ ਪੁੱਤ ਦੇ ਕਾਤਲ ਨੂੰ ਜ਼ਮਾਨਤ ਦਿਵਾ ਕੇ ਸਿਰ ‘ਚ ਮਾਰੀਆਂ ਗੋਲ਼ੀਆਂ, ਪੂਰੀ ਘਟਨਾ ਕਿਸੇ ਫਿਲਮੀ ਕਹਾਣੀ ਵਰਗੀ

0
764

ਲਖੀਮਪੁਰ ਖੇੜੀ| up ਦੇ ਲ਼ਖੀਮਪੁਰ ਖੇੜੀ ਵਿਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਆਪਣੇ ਪੁੱਤ ਦੇ ਕਤਲ ਦਾ ਬਦਲਾ ਲੈਣ ਲਈ ਇਕ ਵਿਅਕਤੀ ਨੇ ਪਹਿਲਾਂ ਵਕੀਲ ਦੀ ਮਦਦ ਨਾਲ ਕਾਤਲ ਨੂੰ ਛੁਡਵਾਇਆ ਤੇ ਫਿਰ ਉਸਦਾ ਕਤਲ ਕਰ ਦਿੱਤਾ। ਪੁੱਤਰ ਦਾ ਕਾਤਲ ਉਸ ਆਦਮੀ ਦਾ ਨੇੜਲਾ ਰਿਸ਼ਤੇਦਾਰ ਹੀ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਮਿਤੌਲੀ ਇਲਾਕੇ ਵਿਚ 50 ਸਾਲਾ ਕਿਸਾਨ ਦੇ 14 ਸਾਲਾ ਬੇਟੇ ਦਾ ਕਤਲ ਉਸਦੀ ਪਤਨੀ ਤੇ ਕਰੀਬੀ ਰਿਸ਼ਤੇਦਾਰ ਨੇ ਹੀ ਕਰ ਦਿਤਾ ਸੀ। ਸ਼ੁੱਕਰਵਾਰ ਰਾਤ ਨੂੰ 47 ਸਾਲਾ ਸ਼ਤਰੂਘਨ ਲਾਲਾ ਦੇ ਸਿਰ ਵਿਚ ਤਿੰਨ ਗੋਲ਼ੀਆਂ ਲੱਗੀਆਂ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਕਾਸ਼ੀ ਦੀ ਪਤਨੀ ਨੇ ਲਾਲਾ ਦੀ ਮਦਦ ਨਾਲ 2021 ਵਿਚ ਆਪਣੇ ਹੀ ਬੇਟੇ ਜਤਿੰਦਰ ਦਾ ਕਤਲ ਕਰ ਦਿੱਤਾ ਸੀ। ਜਦੋਂ ਲੜਕੇ ਨੇ ਕਥਿਤ ਤੌਰ ਉਤੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ। ਉਸ ਸਮੇਂ 50 ਸਾਲਾ ਕਿਸਾਨ ਇਕ ਵੱਖਰੇ ਕੇਸ ਵਿਚ ਜੇਲ੍ਹ ਵਿਚ ਬੰਦ ਸੀ।

ਪੁਲਿਸ ਨੇ ਕਿਹਾ ਕਿ ਔਰਤ ਤੇ ਲਾਲਾ ਨੂੰ ਬਾਅਦ ਵਿਚ ਨਾਬਾਲਗ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ। ਪਰ ਕਾਸ਼ੀ ਹਮੇਸ਼ਾ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣਾ ਚਹੁੰਦਾ ਸੀ। ਮੰਨਿਆ ਜਾਂਦਾ ਹੈ ਕਿ ਦਸੰਬਰ 2022 ਵਿਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਾਸ਼ੀ ਨੇ ਲਾਲਾ ਦੀ ਜ਼ਮਾਨਤ ਯਕੀਨੀ ਬਣਾਉਣ ਲਈ ਇਕ ਵਕੀਲ ਨੂੰ ਹਾਇਰ ਕੀਤਾ ਸੀ। ਲਾਲਾ ਨੂੰ ਅਪ੍ਰੈਲ ਦੇ ਪਹਿਲੇ ਹਫਤੇ ਜ਼ਮਾਨਤ ਮਿਲ ਗਈ ਸੀ ਤੇ ਉਦੋਂ ਤੋਂ ਹੀ ਕਾਸ਼ੀ ਉਸਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਵਿਚ ਕਾਸ਼ੀ ਖਿਲਾਫ ਸਬੂਤ ਬਰਾਮਦ ਕਰ ਲਏ ਹਨ। ਸਾਲ 2021 ਵਿਚ ਉਨ੍ਹਾਂ ਦਾ ਬੇਟਾ ਜਤਿੰਦਰ ਅਚਾਨਕ ਘਰੋਂ ਗਾਇਬ ਹੋ ਗਿਆ ਸੀ। ਕੁਝ ਦਿਨਾਂ ਬਾਅਦ ਉਸਦੀ ਲਾਸ਼ ਨਦੀ ਦੇ ਕੰਢੇ ਪਈ ਮਿਲੀ।