”ਕਿਸਾਨੀ ਝੰਡਾ ਫੜ ਕੇ ਚੜ੍ਹਿਆ ਸੀ ਬਰਾਤ, ਹੁਣ ਤਿਰੰਗੇ ‘ਚ ਲਿਪਟ ਕੇ ਆਇਆ ਘਰ”, ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੁੱਖ ਮੰਤਰੀ ਚੰਨੀ ਨੇ ਦਿੱਤਾ ਮੋਢਾ, ਨਮ ਅੱਖਾਂ ਨਾਲ ਦਿੱਤੀ ਵਿਦਾਇਗੀ

0
7039

ਨੂਰਪੁਰ ਬੇਦੀ/ਅਨੰਦਪੁਰ ਸਾਹਿਬ | ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ ਸਿਪਾਹੀ ਗੱਜਣ ਸਿੰਘ ਦੀ ਦੇਹ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੰਚਰੰਡਾ ‘ਚ ਪਹੁੰਚੀ।

ਸ਼ਹੀਦ ਦੀ ਅਰਥੀ ਨੂੰ ਮੋਢਾ ਦੇਣ ਲਈ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਸਪੀਕਰ ਰਾਣਾ ਕੇਪੀ ਵੀ ਪਹੁੰਚੇ। ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ, ਜਿਨ੍ਹਾਂ ਸ਼ਹੀਦ ਗੱਜਣ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਸ਼ਹੀਦ ਗੱਜਣ ਸਿੰਘ ਦੀ ਦੇਹ ਤਿਰੰਗੇ ‘ਚ ਲਪੇਟੀ ਹੋਈ ਸੀ ਤੇ ਫੌਜ ਵੱਲੋਂ ਬੜੇ ਹੀ ਅਦਬ ਤੇ ਸਤਿਕਾਰ ਨਾਲ ਬੈਂਡ-ਵਾਜਿਆਂ ਨਾਲ ਉਸ ਦੀ ਦੇਹ ਨੂੰ ਉਸ ਦੇ ਘਰ ਲਿਆਂਦਾ ਗਿਆ।

ਸ਼ਹੀਦ ਮਨਦੀਪ ਸਿੰਘ ਦੀ ਦੇਹ ਜਦੋਂ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ ‘ਮਨਦੀਪ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ। ਸ਼ਹੀਦ ਮਨਦੀਪ ਸਿੰਘ ਦੇ ਸੰਸਕਾਰ ਮੌਕੇ 16 ਸਿੱਖ ਰੈਜੀਮੈਂਟ ਦੇ ਉੱਚ ਫੌਜੀ ਅਫ਼ਸਰ ਹਾਜ਼ਰ ਸਨ।

ਸ਼ਹੀਦ ਦੇ ਪਿਤਾ ਚਰਨ ਸਿੰਘ ਨੇ ਰੋਂਦੇ ਹੋਏ ਕਿਹਾ, ”ਕਿਸਾਨੀ ਝੰਡਾ ਫੜ ਕੇ ਬਰਾਤ ਚੜ੍ਹਿਆ ਸੀ ਗੱਜਣ ਸਿੰਘ, ਹੁਣ ਤਿਰੰਗੇ ‘ਚ ਲਿਪਟ ਕੇ ਘਰ ਆਇਆ ਹੈ।” ਸ਼ਹੀਦ ਦਾ ਸੰਸਕਾਰ ਪਿੰਡ ਦੀ ਵੱਡੀ ਗਰਾਊਂਡ ‘ਚ ਕੀਤਾ ਗਿਆ।