ਅੰਮ੍ਰਿਤਸਰ| ਲੰਘੀ ਰਾਤ ਦਰਬਾਰ ਸਾਹਿਬ ਨੇੜੇ ਹੋਏ ਧਮਾਕੇ ਮਾਮਲੇ ਵਿਚ ਸੀਸੀਟੀਵੀ ਵਿਚ ਨਜਰ ਆਏ ਗੁਰਦਾਸਪੁਰ ਦੇ ਪਿੰਡ ਆਦੀਆ ਦੇ ਰਹਿਣ ਵਾਲੇ ਅਮਰੀਕ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਦੁਖਦਾਇਕ ਘਟਨਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਹੋਰ ਅਜਿਹੀ ਘ਼ਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਗੱਲ ਸਮਝ ਆਉਂਦੀ ਹੈ ਪਰ ਜੇਕਰ ਆਪਣੇ ਹੀ ਅਜਿਹਾ ਕੰਮ ਕਰਦੇ ਹਨ ਤਾਂ ਇਹ ਬਹੁਤ ਹੀ ਮਾੜੀ ਤੇ ਸ਼ਰਮ ਵਾਲੀ ਗੱਲ ਹੈ।
ਧਮਾਕੇ ਦੇ ਦੋਸ਼ੀਆਂ ਵਿਚੋਂ ਇਕ ਗੁਰਦਾਸਪੁਰ ਦੇ ਰਹਿਣ ਵਾਲੇ ਅਮਰੀਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸਨੇ ਅੰਮ੍ਰਿਤ ਛਕਿਆ ਸੀ ਤੇ ਉਹ ਬਹੁਤ ਵਧੀਆ ਬੰਦਾ ਸੀ। ਪਰ ਫਿਰ ਬੁਰੀ ਸੰਗਤ ਵਿਚ ਪੈ ਗਿਆ। ਮੋਟਰਸਾਈਕਲਾਂ ਦੀ ਚੋਰੀ ਦੇ ਇਕ ਕੇਸ ਵਿਚ ਵੀ ਉਹ ਨਾਮਜ਼ਦ ਸੀ। ਹੁਣ ਵੀ ਉਸ ਉਤੇ ਦੋ ਕੇਸ ਚੱਲ ਰਹੇ ਸਨ, ਜਿਨ੍ਹਾਂ ਵਿਚ ਉਹ ਭਗੌੜਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਹਿੰਦਾ ਸੀ ਕਿ ਉਹ ਗੁਜਰਾਤ ਦੀ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ। ਕੁਝ ਸਮਾਂ ਪਹਿਲਾਂ ਇਸਨੇ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਲਵ ਮੈਰਿਜ ਵੀ ਕਰਵਾਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਨਸ਼ੇ ਕਰਨ ਦਾ ਆਦੀ ਸੀ। ਇਹ ਗੋਲ਼ੀਆਂ ਆਦਿ ਖਾਂਦਾ ਸੀ। ਸੁਣਨ ਵਿਚ ਤਾਂ ਇਹ ਵੀ ਆਇਆ ਕਿ ਇਹ ਚਿੱਟਾ ਵੀ ਪੀਂਦਾ ਸੀ।ਪਰਿਵਾਰ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।