ਦਰਬਾਰ ਸਾਹਿਬ ਧਮਾਕੇ ‘ਚ ਸ਼ਾਮਲ ਇਕ ਹੋਰ ਮੁਲਜ਼ਮ ਦਾ ਪਰਿਵਾਰ ਆਇਆ ਸਾਹਮਣੇ, ਕਿਹਾ- ਸਾਡੇ ਮੁੰਡਿਆਂ ਨੂੰ ਨਾਜਾਇਜ਼ ਫਸਾਇਆ

0
684

ਅੰਮ੍ਰਿਤਸਰ| ਹਰਿਮੰਦਰ ਸਾਹਿਬ ਨੇੜੇ ਲੰਘੇ ਦਿਨ ਹੋਏ ਧਮਾਕੇ ਵਿਚ ਹੁਣ ਤੱਕ ਇਕ ਮਹਿਲਾ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੱਲ ਗੁਰਦਾਸਪੁਰ ਦੇ ਰਹਿਣ ਵਾਲੇ ਅਮਰੀਕ ਨਾਂ ਦੇ ਨੌਜਵਾਨ, ਜੋ ਦਰਬਾਰ ਸਾਹਿਬ ਵਿਚ ਹੋਏ ਧਮਾਕਿਆਂ ਦੇ ਦੋਸ਼ੀਆਂ ਵਿਚ ਸ਼ਾਮਲ ਸੀ, ਦਾ ਪਰਿਵਾਰ ਸਾਹਮਣੇ ਆਇਆ ਸੀ।

ਹੁਣ ਇਨ੍ਹਾਂ ਧਮਾਕਿਆਂ ਵਿਚ ਸ਼ਾਮਲ ਧਰਮਿੰਦਰ ਨਾਂ ਦੇ ਨੌਜਵਾਨ ਦਾ ਪਰਿਵਾਰ ਕੈਮਰੇ ਮੂਹਰੇ ਆਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਸਵੇਰੇ ਸਾਡੇ ਘਰ ਆਈ ਤੇ ਉਨ੍ਹਾਂ ਦੇ ਧਰਮਿੰਦਰ ਨਾਂ ਦੇ ਜਵਾਈ ਤੇ ਉਨ੍ਹਾਂ ਦੇ ਪੁੱਤਰ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਪ੍ਰਕਾਰ ਦੇ ਧਮਾਕਿਆਂ ਦੀ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਅਸੀਂ ਪਟਾਕੇ ਬਣਾਉਣ ਦਾ ਕੰਮ ਕਰਦੇ ਹਾਂ।

ਪੀੜਤ ਨੌਜਵਾਨ ਦੀ ਮਾਂ ਨੇ ਬੜੇ ਦੁਖੀ ਮਨ ਨਾਲ ਕਿਹਾ ਕਿ ਉਸਦਾ ਜਵਾਈ ਧਰਮਿੰਦਰ ਪਹਿਲਾਂ ਆਟੋ ਚਲਾਉਂਦਾ ਸੀ ਤੇ ਅੱਜਕਲ ਉਹ ਕੋਈ ਗੱਡੀ ਚਲਾਉਂਦਾ ਹੈ ਤੇ ਉਨ੍ਹਾਂ ਦਾ ਪੁੱਤਰ ਕਰਮਜੀਤ ਤਾਂ ਆਪਣੀ ਘਰਵਾਲੀ ਦੇ ਮਰਨ ਪਿੱਛੋਂ ਵੈਸੇ ਹੀ ਦਾਰੂ ਨਾਲ ਰੱਜਿਆ ਰਹਿੰਦਾ ਹੈ। ਉਹ ਕਦੇ ਗਲ਼ਤ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੂੰ ਨਾਜਾਇਜ਼ ਫਸਾਇਆ ਗਿਆ ਹੈ।