ਹੋਲੀ ਖੇਡਣ ਮਗਰੋਂ ਬਾਥਰੂਮ ‘ਚ ਨਹਾਉਣ ਗਏ ਫੈਕਟਰੀ ਮਾਲਕ ਅਤੇ ਪਤਨੀ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦਰਦਨਾਕ ਮੌਤ

0
728

ਗਾਜ਼ੀਆਬਾਦ| ਗਾਜ਼ੀਆਬਾਦ ਵਿਚ ਫੈਕਟਰੀ ਮਾਲਕ ਅਤੇ ਉਸ ਦੀ ਪਤਨੀ ਦੀ ਬਾਥਰੂਮ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਹੋਲੀ ਖੇਡਣ ਤੋਂ ਬਾਅਦ ਦੋਵੇਂ ਨਹਾਉਣ ਲਈ ਗਏ ਸਨ। ਦੋਵਾਂ ਦੀਆਂ ਲਾਸ਼ਾਂ ਬਾਥਰੂਮ ਵਿਚ ਹੀ ਪਈਆਂ ਮਿਲੀਆਂ। ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਦੀ ਮੌਤ ਗੈਸ ਗੀਜ਼ਰ ਨਾਲ ਦਮ ਘੁਟਣ ਕਾਰਨ ਹੋਈ ਹੈ ਕਿਉਂਕਿ ਬਾਥਰੂਮ ਵਿਚ ਹਵਾਦਾਰੀ ਨਹੀਂ ਸੀ। ਪੁਲਿਸ ਨੂੰ ਬਾਥਰੂਮ ਦੇ ਅੰਦਰੋਂ ਸਿਲੰਡਰ ਅਤੇ ਗੀਜ਼ਰ ਮਿਲੇ ਹਨ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਮੁਤਾਬਕ ਦੀਪਕ ਗੋਇਲ (40 ਸਾਲ) ਅਤੇ ਪਤਨੀ ਸ਼ਿਲਪੀ (36 ਸਾਲ) ਆਪਣੇ ਦੋ ਬੱਚਿਆਂ ਨਾਲ ਮੁਰਾਦਨਗਰ ਸ਼ਹਿਰ ਦੀ ਅਗਰਸੇਨ ਕਾਲੋਨੀ ਫੇਜ਼-1 ‘ਚ ਰਹਿੰਦੇ ਸਨ। ਵੀਰਵਾਰ ਨੂੰ ਹੋਲੀ ਖੇਡਣ ਤੋਂ ਬਾਅਦ ਸ਼ਾਮ ਕਰੀਬ 4 ਵਜੇ ਉਹ ਨਹਾਉਣ ਲਈ ਬਾਥਰੂਮ ਗਏ। ਜਦੋਂ ਇਕ ਘੰਟੇ ਤੱਕ ਉਹ ਬਾਹਰ ਨਾ ਆਏ ਅਤੇ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਬੱਚਿਆਂ ਨੇ ਗੁਆਂਢੀਆਂ ਨੂੰ ਦੱਸਿਆ। ਜਦੋਂ ਗੁਆਂਢੀਆਂ ਨੇ ਆ ਕੇ ਵੈਂਟੀਲੇਸ਼ਨ ਦਾ ਸ਼ੀਸ਼ਾ ਤੋੜ ਕੇ ਕੁੰਡੀ ਖੋਲ੍ਹੀ ਤਾਂ ਪਤੀ-ਪਤਨੀ ਬੇਹੋਸ਼ੀ ਦੀ ਹਾਲਤ ‘ਚ ਜ਼ਮੀਨ ‘ਤੇ ਪਾਏ ਗਏ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹਸਪਤਾਲ ਤੋਂ ਮੁਰਾਦਨਗਰ ਥਾਣੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਜਾਂਚ ਲਈ ਬਾਥਰੂਮ ਦੇ ਅੰਦਰ ਗਏ ਤਾਂ ਉਹਨਾਂ ਨੂੰ ਘੁੱਟਣ ਮਹਿਸੂਸ ਹੋਈ। ਇਸ ਦਾ ਕਾਰਨ ਇਹ ਸੀ ਕਿ ਅੰਦਰ ਸਿਲੰਡਰ ਅਤੇ ਗੈਸ ਗੀਜ਼ਰ ਰੱਖਿਆ ਹੋਇਆ ਸੀ। ਹਵਾਦਾਰੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਹਵਾਦਾਰੀ ਲਈ ਦਰਵਾਜ਼ੇ ਦੇ ਉੱਪਰ ਦਾ ਸ਼ੀਸ਼ਾ ਵੀ ਬੰਦ ਸੀ।

ਅਜਿਹੇ ‘ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਮਿਲੀ ਜਾਣਕਾਰੀ ਅਨੁਸਾਰ ਦੀਪਕ ਗੋਇਲ ਨੇ ਕੁਝ ਮਹੀਨੇ ਪਹਿਲਾਂ ਗਾਜ਼ੀਆਬਾਦ ‘ਚ ਪੇਂਟ ਕੈਮੀਕਲ ਫੈਕਟਰੀ ਖੋਲ੍ਹੀ ਸੀ। ਪਤਨੀ ਸ਼ਿਲਪੀ ਘਰੇਲੂ ਔਰਤ ਸੀ। ਪਰਿਵਾਰ ਵਿਚ ਦੋ ਬੱਚੇ ਸਨ, ਜਿਨ੍ਹਾਂ ਵਿਚ ਬੇਟੀ ਦੀ ਉਮਰ 14 ਸਾਲ ਅਤੇ ਪੁੱਤਰ ਦੀ ਉਮਰ 12 ਸਾਲ ਹੈ।