ਜਲੰਧਰ | ਪੰਜਾਬ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਇੰਨਾ ਵਧਦਾ ਜਾ ਰਿਹਾ ਹੈ ਕਿ ਹਰ ਕੋਈ ਲੱਖਾਂ ਰੁਪਏ ਲਾ ਕੇ ਵਿਦੇਸ਼ ਜਾਣ ਦੀ ਦੌੜ ‘ਚ ਲਗਾ ਹੋਇਆ ਹੈ, ਜਿਸ ਕਾਰਨ ਕਈ ਵਾਰ ਲੋਕ ਅਜਿਹੇ ਰਸਤੇ ਅਪਣਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਬੰਗਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਟਰੈਵਲ ਏਜੰਟ ਨੇ ਆਪਣੀ ਧੀ ਦਾ ਵਿਆਹ ਕਲਾਈਂਟ ਨਾਲ ਕਰਵਾ ਕੇ ਉਸ ਨੂੰ ਕੈਨੇਡਾ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ। ਥਾਣਾ ਨਵੀਂ ਬਾਰਾਦਰੀ ‘ਚ ਏਜੰਟ, ਉਸ ਦੀ ਪਤਨੀ, ਧੀ ਅਤੇ ਪੁੱਤ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਹਰਜਿੰਦਰ ਸਿੰਘ ਨਿਵਾਸੀ ਸਹਿਗਲ ਕਾਲੋਨੀ ਲਾਡੋਵਾਲੀ ਰੋਡ ਨੇ ਦੱਸਿਆ ਕਿ ਉਹ ਆਪਣੇ ਜਵਾਈ ਜ਼ਰੀਏ ਗਾਂਧੀ ਨਗਰ ਬੰਗਾ ਦੇ ਰਹਿਣ ਵਾਲੇ ਏਜੰਟ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਸੰਪਰਕ ਵਿਚ ਆਇਆ ਸੀ। ਫਰਵਰੀ 2019 ਨੂੰ ਏਜੰਟ ਉਸ ਦੀ ਪਤਨੀ ਰਾਜਵਿੰਦਰ ਕੌਰ, ਧੀ ਜਸਮੀਤ ਕੌਰ ਅਤੇ ਪੁੱਤ ਜਸ਼ਨਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਏਜੰਟੀ ਦਾ ਕੰਮ ਕਰਦੇ ਹਨ। ਉਨ੍ਹਾਂ ਮੇਰੇ (ਹਰਜਿੰਦਰ ਸਿੰਘ ਦੇ) ਬੇਟੇ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ 25 ਲੱਖ ਰੁਪਏ ਦੀ ਮੰਗ ਕੀਤੀ।
ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਇਕ ਲੱਖ ਰੁਪਏ ਅਤੇ ਬੇਟੇ ਦੇ ਪਾਸਪੋਰਟ ਦੀ ਫੋਟੋਕਾਪੀ ਏਜੰਟ ਨੂੰ ਦੇ ਦਿੱਤੀ। 18 ਫਰਵਰੀ 2019 ਨੂੰ ਦੋਬਾਰਾ ਏਜੰਟ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਨੇ ਵੀਜ਼ਾ ਲੁਆਉਣ ਲਈ ਉਨ੍ਹਾਂ ਕੋਲੋਂ 14 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਪਰਿਵਾਰ ਨੇ ਬੈਂਕ ਟਰਾਂਸਫਰ ਜ਼ਰੀਏ ਉਨ੍ਹਾਂ ਨੂੰ 14 ਲੱਖ ਰੁਪਏ ਵੀ ਦੇ ਦਿੱਤੇ ਪਰ ਬਾਅਦ ਵਿਚ ਪਤਾ ਲੱਗਾ ਕਿ ਏਜੰਟ ਨੇ ਉਨ੍ਹਾਂ ਦੇ ਪੈਸਿਆਂ ਨਾਲ ਆਪਣੀ ਧੀ ਜਸਮੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਹੈ। ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਧਮਕੀ ਦਿੱਤੀ, ਜਿਸ ’ਤੇ ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਧੀ ਨਾਲ ਹਰਪ੍ਰੀਤ ਦਾ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਭੇਜ ਦੇਣਗੇ। ਭਰੋਸੇ ਤੋਂ ਬਾਅਦ ਇੰਦਰਜੀਤ ਸਿੰਘ ਨੇ ਹਰਜਿੰਦਰ ਤੋਂ ਲਏ 15 ਲੱਖ ਰੁਪਏ ਵੀ ਮੋੜ ਦਿੱਤੇ।
ਏਜੰਟ ਨੇ ਆਪਣੀ ਧੀ ਨੂੰ ਵਾਪਸ ਬੁਲਾ ਕੇ 10 ਜਨਵਰੀ 2023 ਨੂੰ ਹਰਪ੍ਰੀਤ ਦਾ ਵਿਆਹ ਕਰਵਾ ਦਿੱਤਾ ਅਤੇ ਕਿਹਾ ਕਿ ਕੈਨੇਡਾ ਜਾਣ ਲਈ 25 ਲੱਖ ਰੁਪਏ ਦਾ ਖਰਚਾ ਆਵੇਗਾ, ਜਿਸ ਵਿਚੋਂ 15 ਲੱਖ ਰੁਪਏ ਪਹਿਲਾਂ ਅਤੇ 10 ਲੱਖ ਰੁਪਏ ਵੀਜ਼ਾ ਆਉਣ ਤੋਂ ਬਾਅਦ ਦੇਣੇ ਹੋਣਗੇ। ਪੀੜਤ ਹਰਜਿੰਦਰ ਸਿੰਘ ਫਿਰ ਤੋਂ ਏਜੰਟ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੂੰ 15 ਲੱਖ ਰੁਪਏ ਦੇ ਦਿੱਤੇ। ਵਿਆਹ ਤੋਂ ਬਾਅਦ ਏਜੰਟ ਦੀ ਧੀ ਅਤੇ ਹਰਪ੍ਰੀਤ ਸਿੰਘ ਘੁੰਮਣ ਵੀ ਗਏ ਪਰ ਜਦੋਂ ਜਸਮੀਤ ਵਾਪਸ ਕੈਨੇਡਾ ਗਈ ਤਾਂ ਉਸ ਨੇ ਆਪਣੇ ਸਹੁਰਾ ਪਰਿਵਾਰ ਨਾਲੋਂ ਸੰਪਰਕ ਤੋੜ ਲਿਆ ਅਤੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।
ਪੀੜਤ ਧਿਰ ਨੇ ਮੁੜ ਏਜੰਟ ਨਾਲ ਗੱਲ ਕੀਤੀ ਗਈ ਤਾਂ ਉਸ ਨੇ 20 ਲੱਖ ਰੁਪਏ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਨ੍ਹਾ ਕਰਨ ’ਤੇ 15 ਲੱਖ ਰੁਪਏ ਮੋੜਨ ਤੋਂ ਵੀ ਨਾਂਹ ਕਰ ਦਿੱਤੀ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਉਪਰੰਤ ਏਜੰਟ ਇੰਦਰਜੀਤ ਸਿੰਘ, ਉਸਦੀ ਪਤਨੀ ਰਾਜਵਿੰਦਰ ਕੌਰ, ਧੀ ਜਸਮੀਤ ਕੌਰ ਅਤੇ ਪੁੱਤ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ। ਐੱਸ. ਐੱਚ. ਓ. ਅਨਿਲ ਕੁਮਾਰ ਨੇ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਧਿਰ ਇਕ ਵਾਰ ਵੀ ਪੁਲਿਸ ਦੀ ਜਾਂਚ ‘ਚ ਪੇਸ਼ ਨਹੀਂ ਹੋਈ।