ਮਾਪਿਆਂ ਦੀ ਮਰਜ਼ੀ ਖਿਲਾਫ ਧੀ ਨੇ ਕਰਵਾਇਆ ਸੀ ਵਿਆਹ, ਸ਼ੱਕੀ ਹਾਲਤ ‘ਚ ਮੌ.ਤ

0
941

ਲੁਧਿਆਣਾ/ਜਗਰਾਓਂ, 10 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 22 ਦਿਨ ਪਹਿਲਾਂ ਪਰਿਵਾਰ ਦੀ ਮਰਜ਼ੀ ਖਿਲਾਫ ਲਵ ਮੈਰਿਜ ਕਰਵਾਉਣ ਵਾਲੀ 28 ਸਾਲ ਦੀ ਮੁਟਿਆਰ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਗਰਾਓਂ ਸਿਵਲ ਹਸਪਤਾਲ ’ਚ ਮ੍ਰਿਤਕਾ ਦੇ ਮਾਪੇ ਤੇ ਸਹੁਰਾ ਪਰਿਵਾਰ ਆਪਸ ’ਚ ਉਲਝ ਗਿਆ ਤੇ ਦੋਵਾਂ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ।

ਜਾਣਕਾਰੀ ਅਨੁਸਾਰ ਭੱਠਾ ਮਜ਼ਦੂਰ ਨਰਿੰਦਰ ਵਾਸੀ ਚੀਮਨਾ ਦੀ ਧੀ ਕਾਜਲ ਅਤੇ ਪਿੰਡ ਗਾਲਿਬ ਕਲਾਂ ਦੇ ਭੱਠਾ ਮਜ਼ਦੂਰ ਮੈਨਪਾਲ ’ਚ ਪਿਆਰ ਹੋ ਗਿਆ। ਇਸ ਦਾ ਕਾਜਲ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ’ਤੇ ਕਾਜਲ ਪ੍ਰੇਮੀ ਮੈਨਪਾਲ ਕੋਲ ਚਲੀ ਗਈ। ਇਸ ਮਾਮਲੇ ਵਿਚ ਦੋਵਾਂ ਧਿਰਾਂ ਨਾਲ ਮੋਹਤਬਰ ਵਿਅਕਤੀਆਂ ਨੇ ਗੱਲਬਾਤ ਕੀਤੀ ਤਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਕਾਜਲ ਤੇ ਮੈਨਪਾਲ ਦਾ 18 ਜਨਵਰੀ ਨੂੰ ਵਿਆਹ ਕਰਵਾ ਦਿੱਤਾ ਗਿਆ।

ਦੇਰ ਰਾਤ ਕਾਜਲ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੀ ਤਬੀਅਤ ਵਿਗੜਨ ’ਤੇ ਜਗਰਾਓਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਮੌਤ ਕੁਝ ਸਮਾਂ ਪਹਿਲਾਂ ਹੀ ਹੋਈ ਦੱਸ ਕੇ ਮ੍ਰਿਤਕਾ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।
ਦਿਨ ਚੜ੍ਹਦਿਆਂ ਹੀ ਕਾਜਲ ਦੇ ਪਿਤਾ ਨਰਿੰਦਰ ਤੇ ਪਰਿਵਾਰ ਹਸਪਤਾਲ ਪੁੱਜਾ ਤਾਂ ਉਨ੍ਹਾਂ ਕਾਜਲ ਦੀ ਮੌਤ ਲਈ ਸਹੁਰਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਾਰਨ ਦੇ ਦੋਸ਼ ਲਗਾਏ।

ਮੌਕੇ ’ਤੇ ਮੌਜੂਦ ਮ੍ਰਿਤਕਾ ਦੇ ਪਤੀ ਮੈਨਪਾਲ ਦੇ ਪਰਿਵਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਜਲ ਦੇ ਕੁਝ ਦਿਨਾਂ ਤੋਂ ਢਿੱਡ ਵਿਚ ਦਰਦ ਹੋਣ ਅਤੇ ਪਿੰਡ ਵਿਚ ਹੀ ਦਵਾਈ ਦਿਵਾਉਣ ’ਤੇ ਜਦੋਂ ਫਰਕ ਨਾ ਪਿਆ ਤਾਂ ਉਹ ਸਿਵਲ ਹਸਪਤਾਲ ਲੈ ਕੇ ਪੁੱਜੇ ਜਿਥੇ ਡਾਕਟਰਾਂ ਨੇ ਕਾਜਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਮਾਮਲੇ ਵਿਚ ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਇਸ ਮਾਮਲੇ ਵਿਚ ਮ੍ਰਿਤਕਾ ਦੀ ਮੌਤ ਦੇ ਕਾਰਨਾਂ ਦਾ ਸਪੱਸ਼ਟ ਹੋ ਸਕੇਗਾ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।