ਡਿਊਟੀ ‘ਤੇ ਜਾ ਰਹੇ ਕੰਡਕਟਰ ਦੀ ਕਾਰ ਦੀ ਟਰਾਲੀ ਨਾਲ ਟੱਕਰ, ਹੋਈ ਦਰਦਨਾਕ ਮੌਤ

0
651

ਫਰੀਦਕੋਟ, 9 ਨਵੰਬਰ | ਫ਼ਿਰੋਜ਼ਪੁਰ ਰੋਡ ‘ਤੇ ਸ਼ਨੀਵਾਰ ਸਵੇਰੇ ਇੱਕ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿਚ ਕਾਰ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ ਵਾਸੀ ਪਿੰਡ ਬੁਰਜ ਮਸਤਾ ਵਜੋਂ ਹੋਈ ਹੈ। ਜੋ ਕਿ ਇੱਕ ਨਿੱਜੀ ਬੱਸ ਕੰਪਨੀ ਵਿਚ ਕੰਡਕਟਰ ਵਜੋਂ ਕੰਮ ਕਰਦਾ ਸੀ। ਘਟਨਾ ਦੇ ਸਮੇਂ ਉਹ ਆਪਣੀ ਕਾਰ ‘ਚ ਪਿੰਡ ਤੋਂ ਫਰੀਦਕੋਟ ਆ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜ ਮਸਤਾ ਦਾ ਰਹਿਣ ਵਾਲਾ ਬੇਅੰਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਇੱਕ ਨਿੱਜੀ ਬੱਸ ਕੰਪਨੀ ਵਿਚ ਕੰਡਕਟਰ ਵਜੋਂ ਕੰਮ ਕਰਦਾ ਸੀ ਅਤੇ ਫਰੀਦਕੋਟ ਦੇ ਬੱਸ ਅੱਡੇ ’ਤੇ ਡਿਊਟੀ ’ਤੇ ਜਾਣ ਲਈ ਕਾਰ ਦੀ ਵਰਤੋਂ ਕਰਦਾ ਸੀ।

ਸ਼ੁੱਕਰਵਾਰ ਸਵੇਰੇ ਵੀ ਬੇਅੰਤ ਸਿੰਘ ਆਪਣੀ ਕਾਰ ‘ਚ ਡਿਊਟੀ ਲਈ ਫਰੀਦਕੋਟ ਬੱਸ ਸਟੈਂਡ ‘ਤੇ ਆ ਰਿਹਾ ਸੀ ਅਤੇ ਜਿਵੇਂ ਹੀ ਉਹ ਫਿਰੋਜ਼ਪੁਰ ਰੋਡ ‘ਤੇ ਅਬਨੂਰ ਕਾਲਜ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਇਕ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ਕਲ ਨਾਲ ਬੇਅੰਤ ਸਿੰਘ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਪੂਰੇ ਮਾਮਲੇ ਸਬੰਧੀ ਥਾਣਾ ਸਿਟੀ 2 ਫਰੀਦਕੋਟ ਦੇ ਐਸਐਚਓ ਸਬ ਇੰਸਪੈਕਟਰ ਸੁਖਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)