ਲੁਧਿਆਣਾ ਬੱਸ ਸਟੈਂਡ ‘ਤੇ ਆਟੋ ਚਾਲਕ ਦਾ ਹੰਗਾਮਾ, ਚਲਾਨ ਤੋਂ ਬਚਣ ਲਈ ਗਰਭਵਤੀ ਪਤਨੀ ਨੂੰ ਗੋਦ ‘ਚ ਚੁੱਕ ਕੇ ਜਾ ਰਿਹਾ ਸੀ ਹਸਪਤਾਲ

0
685

ਲੁਧਿਆਣਾ| ਬੱਸ ਸਟੈਂਡ ‘ਤੇ ਇੱਕ ਆਟੋ ਚਾਲਕ ਨੇ ਖੂਬ ਹੰਗਾਮਾ ਕਰ ਦਿੱਤਾ। ਆਟੋ ਚਾਲਕ ਨੇ ਚੌਕ ‘ਚ ਤਾਇਨਾਤ ਏਐਸਆਈ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਉਸ ਨੇੇੇੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਦਾ ਚੈੱਕਅਪ ਕਰਵਾਉਣ ਲਈ ਡੀਐਮਸੀ ਹਸਪਤਾਲ ਜਾ ਰਿਹਾ ਸੀ। ਰਸਤੇ ‘ਚ ਉਸ ਨੂੰ ਇੱਕ ਸਵਾਰੀ ਮਿਲੀ।

ਇਸੇ ਦੌਰਾਨ ਏ.ਐਸ.ਆਈ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਤੂੰ ਗਲਤ ਪਾਸੇ ਤੋਂ ਆ ਰਿਹਾ ਹੈ। ਇਸ ਕਾਰਨ ਚਲਾਨ ਹੋਵੇਗਾ। ਉਸ ਨੇ ਦੋਸ਼ ਲਾਇਆ ਕਿ ਏਐਸਆਈ ਨੇ ਉਸ ਨੂੰ ਛੱਡਣ ਲਈ 500 ਰੁਪਏ ਦੀ ਮੰਗ ਕੀਤੀ। ਉਹ ਏ.ਐੱਸ.ਆਈ. ਨੂੰ ਚਲੇ ਜਾਣ ਦੀ ਮਿੰਨਤ ਕਰਦਾ ਰਿਹਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਹੰਗਾਮਾ ਹੁੰਦਾ ਦੇਖ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਜੇਕਰ ਉਸ ਕੋਲ ਪੈਸੇ ਹੁੰਦੇ ਤਾਂ ਉਹ ਚਲਾਨ ਦੀ ਰਕਮ ਅਦਾ ਕਰ ਦਿੰਦਾ।
ਦੂਜੇ ਪਾਸੇ ਏਐਸਆਈ ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਟੋ ਚਾਲਕ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਪਰ ਮੌਕੇ ’ਤੇ ਉਸ ਕੋਲ ਆਰਸੀ ਨਹੀਂ ਸੀ, ਜਿਸ ‘ਤੇ ਉਸ ਨੇ ਦਸਤਾਵੇਜ਼ ਦਿਖਾ ਕੇ ਹੀ ਚਲੇ ਜਾਣ ਦੀ ਗੱਲ ਕਹੀ ਸੀ। ਏਐਸਆਈ ਨੇ ਆਪਣੇ ਉੱਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਿਆ ਹੈ।

ਏਐਸਆਈ ਨੇ ਕਾਫ਼ੀ ਬਹਿਸ ਕਰਨ ਤੋਂ ਬਾਅਦ ਜਦੋਂ ਆਟੋ ਨਹੀਂ ਛੱਡਿਆ ਤਾਂ ਆਖ਼ਰ ਆਟੋ ਚਾਲਕ ਨੇ ਗਰਭਵਤੀ ਔਰਤ ਨੂੰ ਆਪਣੀ ਗੋਦ ‘ਚ ਚੁੱਕ ਲਿਆ ਅਤੇ ਪੈਦਲ ਹੀ ਹਸਪਤਾਲ ਜਾਣ ਲਈ ਤਿਆਰ ਹੋ ਗਿਆ। ਇਹ ਦੇਖ ਕੇ ਕਈਆਂ ਨੇ ਉਸ ਨੂੰ ਸਮਝਾਇਆ। ਕਰੀਬ 1 ਤੋਂ 2 ਘੰਟੇ ਤੱਕ ਏਐਸਆਈ ਅਤੇ ਆਟੋ ਚਾਲਕ ਵਿਚਾਲੇ ਕਾਫੀ ਡਰਾਮਾ ਹੋਇਆ। ਚੌਕ ‘ਚ ਰੌਲਾ ਪੈਂਦਾ ਦੇਖ ਕਈ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪਹੁੰਚ ਗਏ। ਬਾਕੀ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕੀਤਾ। ਕਾਫੀ ਦੇਰ ਬਾਅਦ ਜਦੋਂ ਆਟੋ ਦੀ ਆਰਸੀ ਆਈ ਤਾਂ ਏਐਸਆਈ ਨੇ ਗਲਤ ਸਾਈਡ ਦਾ ਚਲਾਨ ਕੱਟ ਕੇ ਛੱਡ ਦਿੱਤਾ।

ਬੱਸ ਸਟੈਂਡ ’ਤੇ ਤਾਇਨਾਤ ਏ.ਐਸ.ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਹੀ ਚਲਾਣ ਕੱਟਿਆ ਹੈ। ਕੋਈ ਰਿਸ਼ਵਤ ਨਹੀਂ ਮੰਗੀ। ਜਿੱਥੋਂ ਤੱਕ ਗਰਭਵਤੀ ਔਰਤ ਦਾ ਸਬੰਧ ਹੈ, ਉਹ ਖੁਦ ਆਪਣੇ ਪੈਸਿਆਂ ਨਾਲ ਆਟੋ ਕਿਰਾਏ ‘ਤੇ ਲੈਣ ਲਈ ਤਿਆਰ ਸੀ ਪਰ ਆਟੋ ਚਾਲਕ ਜਾਣਬੁੱਝ ਕੇ ਹੰਗਾਮਾ ਕਰ ਰਿਹਾ ਹੈ।