ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ ! ਕਿਸਾਨ ਧੜੱਲੇ ਨਾਲ ਸਾੜ ਰਹੇ ਪਰਾਲੀ, AQI ਖਰਾਬ ਸ਼੍ਰੇਣੀ ‘ਚ

0
713

ਪਟਿਆਲਾ/ਲੁਧਿਆਣਾ/ਅੰਮ੍ਰਿਤਸਰ, 25 ਸਤੰਬਰ | ਪੰਜਾਬ ਸਰਕਾਰ ਦੇ ਸਾਰੇ ਦਾਅਵਿਆਂ ਦੇ ਉਲਟ ਪੰਜਾਬ ਵਿਚ ਪਰਾਲੀ ਸਾੜਨ ਨਾਲ ਹਵਾ ਵਿਚ ਪ੍ਰਦੂਸ਼ਣ ਦੇ ਰੂਪ ਵਿਚ ਜ਼ਹਿਰ ਘੋਲਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਮੰਡੀ ਗੋਬਿੰਦਗੜ੍ਹ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 224 ਦਰਜ ਕੀਤਾ ਗਿਆ, ਜੋ ਕਿ ਮਾੜੀ ਸ਼੍ਰੇਣੀ ਵਿਚ ਹੈ।

ਜਦਕਿ ਲੁਧਿਆਣਾ ਦਾ AQI 143 ਤੇ ਪਟਿਆਲਾ ਦਾ 103 ਦਰਜ ਕੀਤਾ ਗਿਆ। ਹਾਲਾਂਕਿ ਇਹ ਫਿਲਹਾਲ ਮੱਧਮ ਸ਼੍ਰੇਣੀ ਵਿਚ ਹੈ ਪਰ ਡਾਕਟਰਾਂ ਦੇ ਅਨੁਸਾਰ ਇਹ AQI ਸਾਹ ਲੈਣ ਵਿਚ ਵੀ ਮੁਸ਼ਕਲ ਪੈਦਾ ਕਰ ਸਕਦਾ ਹੈ, ਖਾਸ ਕਰ ਕੇ ਫੇਫੜਿਆਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ। ਮੰਗਲਵਾਰ ਨੂੰ ਵੀ ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ।

ਮੰਗਲਵਾਰ ਨੂੰ 12 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 81 ਹੋ ਗਈ ਹੈ। ਨਵੇਂ ਸਾਹਮਣੇ ਆਏ 12 ਮਾਮਲਿਆਂ ਵਿੱਚੋਂ ਚਾਰ ਅੰਮ੍ਰਿਤਸਰ ਜ਼ਿਲ੍ਹੇ, ਚਾਰ ਕਪੂਰਥਲਾ, ਇੱਕ ਫ਼ਿਰੋਜ਼ਪੁਰ ਅਤੇ ਤਿੰਨ ਐਸਏਐਸ ਨਗਰ ਤੋਂ ਸਾਹਮਣੇ ਆਏ ਹਨ।

ਅੰਮ੍ਰਿਤਸਰ ਸਿਖਰ ‘ਤੇ 
ਪਰਾਲੀ ਸਾੜਨ ਦੇ ਮਾਮਲੇ ‘ਚ ਅੰਮ੍ਰਿਤਸਰ ਜ਼ਿਲ੍ਹਾ ਲਗਾਤਾਰ ਸਿਖਰ ‘ਤੇ ਹੈ। ਮੰਗਲਵਾਰ ਨੂੰ ਇੱਥੇ ਪਰਾਲੀ ਸਾੜਨ ਦੇ ਕੁੱਲ ਮਾਮਲੇ ਵਧ ਕੇ 49 ਹੋ ਗਏ ਹਨ। ਪੰਜਾਬ ਵਿਚ 15 ਸਤੰਬਰ ਤੋਂ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤਹਿਤ 15 ਸਤੰਬਰ ਨੂੰ ਪਹਿਲੇ ਦਿਨ 11 ਮਾਮਲੇ ਸਾਹਮਣੇ ਆਏ ਸਨ। ਭਾਵੇਂ 16 ਸਤੰਬਰ ਨੂੰ ਪੰਜਾਬ ਵਿਚ ਕਿਤੇ ਵੀ ਪਰਾਲੀ ਨਹੀਂ ਸਾੜੀ ਗਈ ਸੀ ਪਰ 17 ਨੂੰ ਪੰਜ ਕੇਸ, 18 ਨੂੰ 2 ਕੇਸ ਅਤੇ 19 ਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ। 20 ਸਤੰਬਰ ਨੂੰ 13 ਮਾਮਲੇ ਸਾਹਮਣੇ ਆਏ, 21 ਨੂੰ ਸਭ ਤੋਂ ਵੱਧ 21, 22 ਨੂੰ 11 ਅਤੇ 23 ਸਤੰਬਰ ਨੂੰ 6 ਮਾਮਲੇ ਸਾਹਮਣੇ ਆਏ।

ਸਰਕਾਰ ਦੇ ਦਾਅਵਿਆਂ ਦੇ ਉਲਟ ਇਸ ਵਾਰ ਸਾਲ 2023 ਦੇ ਮੁਕਾਬਲੇ ਹੁਣ ਤੱਕ ਜ਼ਿਆਦਾ ਪਰਾਲੀ ਸਾੜੀ ਗਈ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਦਾ AQI 99, ਬਠਿੰਡਾ ਦਾ 87, ਜਲੰਧਰ ਦਾ 88 ਅਤੇ ਖੰਨਾ ਦਾ 92 ਦਰਜ ਕੀਤਾ ਗਿਆ। ਹਾਲਾਂਕਿ ਇਹ ਤਸੱਲੀਬਖਸ਼ ਸ਼੍ਰੇਣੀ ‘ਚ ਹੈ ਪਰ ਡਾਕਟਰਾਂ ਮੁਤਾਬਕ ਇਸ AQI ‘ਤੇ ਵੀ ਕੁਝ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਸਕਦੀ ਹੈ।