ਮੁੱਖ ਮੰਤਰੀ ਕੈਪਟਨ ਵੱਲੋਂ ਉਦਯੋਗਾਂ ‘ਤੇ ਲਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਆਦੇਸ਼

0
369

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿੱਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਉਦਯੋਗਾਂ ‘ਤੇ ਲਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਤੁਰੰਤ ਪ੍ਰਭਾਵ ਨਾਲ ਉਠਾਉਣ ਦੇ ਆਦੇਸ਼ ਦਿੱਤੇ ਹਨ।

ਮੌਨਸੂਨ ਵਿੱਚ ਦੇਰੀ ਕਾਰਨ ਖੇਤੀਬਾੜੀ ਤੇ ਘਰੇਲੂ ਖੇਤਰ ਵਿੱਚ ਅਣਕਿਆਸੀ ਮੰਗ ਕਾਰਨ ਇਹ ਸੰਕਟ ਪੈਦਾ ਹੋਇਆ ਸੀ।

ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਪਏ 3 ਯੂਨਿਟਾਂ ਵਿੱਚੋਂ ਇਕ ਦੇ ਚੱਲਣ ਉਪਰੰਤ ਸੂਬੇ ‘ਚ ਬਿਜਲੀ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿੱਚ ਉਦਯੋਗਾਂ ਉਤੇ ਬਿਜਲੀ ਦੀ ਵਰਤੋਂ ਸਬੰਧੀ ਲਾਈਆਂ ਸਾਰੀਆਂ ਬੰਦਿਸ਼ਾਂ ਨੂੰ ਤੁਰੰਤ ਹਟਾਇਆ ਜਾਵੇ।

ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਤਲਵੰਡੀ ਸਾਬੋ ਵਿਖੇ 660 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋਣ ਨਾਲ ਸੂਬੇ ਵਿੱਚ ਬਿਜਲੀ ਦੀ ਸਥਿਤੀ ‘ਚ ਸੁਧਾਰ ਹੋਇਆ ਹੈ।

ਪੀ.ਐੱਸ.ਪੀ.ਐੱਸ.ਐੱਲ. ਵੱਲੋਂ ਪੰਜਾਬ ਦੇ ਕੇਂਦਰੀ ਅਤੇ ਸਰਹੱਦੀ ਜ਼ੋਨ ਦੇ ਜ਼ਿਲਿਆਂ ਵਿੱਚ ਅਜਿਹੀਆਂ ਹੀ ਬੰਦਿਸ਼ਾਂ ਨੂੰ ਅੰਸ਼ਿਕ ਤੌਰ ‘ਤੇ ਹਟਾਉਣ ਦੇ ਫੈਸਲੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਵੱਲੋਂ ਸਾਰੀਆਂ ਬੰਦਿਸ਼ਾਂ ਪੂਰਨ ਤੌਰ ਉਤੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੀ.ਐੱਸ.ਪੀ.ਐੱਸ.ਐੱਲ. ਨੇ ਨਿਰੰਤਰ ਬਿਜਲੀ ਵਰਤੋਂ ਕਰਨ ਵਾਲਿਆਂ ਨੂੰ ਛੱਡ ਕੇ ਸਾਰੇ ਉਦਯੋਗਾਂ ਨੂੰ ਅੱਜ ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਸੀ।

ਹਾਲਾਂਕਿ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਸੂਬੇ ਭਰ ਦੇ ਸਾਰੇ ਉਦਯੋਗ, ਜਿਨ੍ਹਾਂ ਵਿੱਚ 24 ਘੰਟੇ ਨਿਰੰਤਰ ਬਿਜਲੀ ਦੀ ਵਰਤੋਂ ਕਰ ਰਹੇ ਟੈਕਸਟਾਈਲ, ਕੈਮੀਕਲ ਅਤੇ ਸਪਿਨਿੰਗ ਮਿੱਲ ਆਦਿ ਸ਼ਾਮਿਲ ਹਨ, ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)