ਲੁਧਿਆਣਾ ‘ਚ ਕੇਂਦਰੀ ਜਾਂਚ ਏਜੰਸੀ ਨੇ ਮਾਰਿਆ ਛਾਪਾ, 20 ਕਿਲੋ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ

0
346

ਲੁਧਿਆਣਾ | ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (Ncb) ਵਲੋਂ ਬੀਤੀ ਰਾਤ ਲੁਧਿਆਣਾ ਦੇ ਦੁਗਰੀ ਇਲਾਕੇ ਵਿਚ ਰੇਡ ਕਰ ਕੇ 20 ਕਿੱਲੋ 326 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਨੇ ਦੋਸ਼ੀ ਨੂੰ 6 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਰੇਡ ਦੌਰਾਨ ਕੇਂਦਰੀ ਜਾਂਚ ਏਜੰਸੀ ਨੂੰ ਦੋਸ਼ੀ ਦੇ ਕਬਜ਼ੇ ਚੋਂ ਸਾਢੇ 5 ਲੱਖ ਰੁਪਏ ਦੇ ਕਰੀਬ ਡਰੱਗ ਮਨੀ, 2 ਕਾਰਤੂਸ, 17 ਗ੍ਰਾਮ ਅਫੀਮ ਵੀ ਬਰਾਮਦ ਹੋਈ ਹੈ।

ਇੰਨੀ ਭਾਰੀ ਮਾਤਰਾ ਵਿੱਚ ਹੈਰੋਇਨ ਦਾ ਫੜੇ ਜਾਣਾ ਲੁਧਿਆਣਾ ਪੁਲਿਸ ਲਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ ਕਿ ਦਿੱਲੀ ਪੁਲਿਸ ਨੇ ਮੁਖਬਰੀ ਦੇ ਆਧਾਰ ‘ਤੇ 20 ਕਿੱਲੋ ਤੋਂ ਜਿਆਦਾ ਹੈਰੋਇਨ ਬਰਾਮਦ ਕੀਤੀ ਹੈ ਤੇ ਲੁਧਿਆਣਾ ਪੁਲਿਸ ਨੇ ਇੱਕ ਦਿਨ ਪਹਿਲਾਂ ਨਸ਼ਾ ਸਮੱਗਲਰਾਂ ਲਈ ਮਸ਼ਹੂਰ ਘੋੜਾ ਕਾਲੋਨੀ ਵਿੱਚ ਡੀ ਜੀ ਪੀ ਪੰਜਾਬ ਸਮੇਤ ਭਾਰੀ ਪੁਲਿਸ ਫੋਰਸ ਦੇ ਨਾਲ ਰੇਡ ਕੀਤੀ ਪਰ ਉਨ੍ਹਾਂ ਦੇ ਹੱਥ ਸਿਰਫ 12 ਗ੍ਰਾਮ ਹੈਰੋਇਨ ਹੀ ਲਗਦੀ ਹੈ। ਦੱਸ ਦੇਈਏ ਕਿ ਲੁਧਿਆਣਾ ਪੁਲਿਸ ਨੇ ਫੋਕੀ ਵਾਹ ਵਾਹੀ ਖੱਟਣ ਲਈ ਰੇਡ ਕਰਨ ਤੋਂ ਪਹਿਲਾਂ ਹੀ ਰੌਲਾ ਪਾਕੇ ਮੀਡੀਆ ਗਰੁੱਪਾਂ ਵਿੱਚ ਮੈਸਜ ਪਾ ਦਿੱਤਾ ਸੀ ਤੇ ਹੋ ਸਕਦਾ ਕਿ ਮੈਸਜ ਲੀਕ ਹੋਕੇ ਨਸ਼ਾ ਸਮੱਗਲਰਾਂ ਤੱਕ ਪਹੁੰਚ ਗਿਆ ਹੋਵੇ ਅਤੇ ਉਹ ਚੁੱਕਣੇ ਹੋ ਗਏ ਹੋਣ । ਰੇਡ ਤੋਂ ਇੱਕ ਦਿਨ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ, ਜਿਸ ਵਿੱਚ ਇੱਕ ਬਜ਼ੁਰਗ ਨਾਬਾਲਿਗ ਬੱਚਿਆਂ ਨੂੰ ਸ਼ਰੇਆਮ ਨਸ਼ੇ ਦੀਆਂ ਪੁੜੀਆਂ ਵੇਚਦਾ ਨਜ਼ਰ ਆ ਰਿਹਾ ਹੈ, ਇਹ ਵੀਡੀਓ ਘੋੜਾ ਕਲੋਨੀ ਦੇ ਨੇੜੇ ਚੀਮਾ ਚੌਂਕ ਪੁਲ ਦੇ ਕੋਲ ਦੀ ਦੱਸੀ ਜਾਂਦੀ ਹੈ।