ਕੇਂਦਰ ਸਰਕਾਰ ਨੇ ਕੈਪਟਨ ਨੂੰ ਕਿਹਾ, ਪਹਿਲਾਂ ਰੇਲਵੇਂ ਟ੍ਰੈਕ ਖਾਲੀ ਕਰਵਾਓ ਫਿਰ ਭੇਜਾਂਗੇ ਟਰੇਨਾਂ

0
1077

ਚੰਡੀਗੜ੍ਹ | ਪੰਜਾਬ ‘ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਕਾਇਮ ਹੈ। ਅਜਿਹੇ ‘ਚ ਪੰਜਾਬ ‘ਚ ਮਾਲ ਗੱਡੀਆਂ ਦਾ ਸੰਚਾਲਨ ਵੀ ਬੰਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਨੂੰ ਚਿੱਠੀ ਲਿਖ ਕੇ ਰੇਲ ਸੇਵਾ ਬਹਾਲ ਕਰਾਉਣ ਦੀ ਮੰਗ ਕੀਤੀ ਸੀ ਪਰ ਦੂਜੇ ਪਾਸੇ ਕੇਂਦਰੀ ਮੰਤਰੀ ਨੇ ਕੈਪਟਨ ਨੂੰ ਜਵਾਬ ਦਿੰਦਿਆ ਕਿਹਾ ਪੰਜਾਬ ਸਰਕਾਰ ਰੇਲਵੇ ਕਰਮਚਾਰੀਆਂ ਦੀ ਪੂਰਨ ਸੁਰੱਖਿਆ ਯਕੀਨੀ ਬਣਾਵੇ ਤੇ ਪ੍ਰਦਰਸ਼ਨਕਾਰੀਆਂ ਨੂੰ ਟ੍ਰੈਕ ਖਾਲੀ ਕਰਨ ਲਈ ਆਖੇ।

ਕੈਪਟਨ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ ‘ਚ ਲਿਖਿਆ ਸੀ ਕਿ ਸੂਬੇ ‘ਚ ਮਾਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਸੰਘਰਸ਼ ਕਰ ਰਹੇ ਕਿਸਾਨਾਂ ਦਾ ਗੁੱਸਾ ਹੋਰ ਵਧਾ ਸਕਦਾ ਹੈ। ਮਾਲ ਗੱਡੀਆਂ ਦੇ ਨਾ ਚੱਲਣ ਨਾਲ ਨਾ ਸਿਰਫ ਪੰਜਾਬ ਬਲਕਿ ਜੰਮੂ-ਕਸ਼ਮੀਰ, ਲੇਹ-ਲੱਦਾਖ ਨੂੰ ਵੀ ਲੋੜੀਂਦੀਆ ਚੀਜ਼ਾਂ ਦੀ ਘਾਟ ਦੇ ਨਾਲ ਆਰਥਿਕ ਸੰਕਟ ਨਾਲ ਜੂਝਣਾ ਪੈ ਸਕਦਾ ਹੈ।

ਕੈਪਟਨ ਦੇ ਹੁਕਮਾਂ ਤੇ ਚੀਫ ਸੈਕਟਰੀ ਵਿੰਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਰੇਲ ਰੋਕੋ ਅੰਦੋਲਨ ਖਤਮ ਕਰਨ ਤੇ ਰੇਲਾਂ ਬਹਾਲ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਨੂੰ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ। ਜਿੱਥੋਂ ਤਕ ਮਾਲ ਗੱਡੀਆਂ ਦਾ ਸਬੰਧ ਹੈ, ਸੋਮਵਾਰ ਕੋਈ ਵੀ ਮੁੱਖ ਲਾਈਨ ਨਹੀਂ ਰੋਕੀ ਗਈ। ਸਿਰਫ ਇੱਕ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਨੂੰ ਜਾਂਦੀ ਟ੍ਰੇਨ ਰੋਕੀ ਗਈ ਹੈ। ਅਜਿਹੇ ‘ਚ ਮਾਲ ਗੱਡੀਆਂ ਬੰਦ ਕੀਤੇ ਜਾਣ ਬਾਰੇ ਵੀ ਸਵਾਲ ਕੀਤਾ ਗਿਆ।

ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ 22 ਅਕਤੂਬਰ ਤੋਂ ਕਿਸਾਨ ਕੁਝ ਸ਼ਰਤਾਂ ਨਾਲ ਮਾਲ ਗੱਡੀਆਂ ਨੂੰ ਐਂਟਰੀ ਦੇਣ ਲਈ ਸਹਿਮਤ ਹੋਏ ਸਨ। 23 ਅਕਤੂਬਰ ਨੂੰ ਕੁਝ ਰੇਲਾਂ ਰੋਕ ਕੇ ਸਾਮਾਨ ਦੀ ਜਾਂਚ ਤੋਂ ਬਾਅਦ ਡਰਾਈਵਰਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਜਤਾਇਆ ਸੀ ਜਿਸ ਤੋਂ ਬਾਅਦ ਰੇਲਵੇ ਨੇ ਕਿਹਾ ਜਦੋਂ ਤਕ ਪੂਰਨ ਤੌਰ ‘ਤੇ ਸਹਿਮਤ ਨਹੀਂ ਮਿਲਦੀ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ।

ਮਾਲ ਗੱਡੀਆਂ ਨਾ ਚੱਲਣ ਨਾਲ ਕਰੀਬ 24 ਹਜ਼ਾਰ ਕਰੋੜ ਰੁਪਏ ਦਾ ਹੌਜਰੀ ਤੇ ਸਪੋਰਟਸ ਦਾ ਸਾਮਾਨ ਸੂਬੇ ‘ਚ ਅਟਕਿਆ ਹੋਇਆ ਹੈ। ਅਜਿਹੇ ‘ਚ ਜੇਕਰ ਮਾਲ ਗੱਡੀਆਂ ਦੀ ਜਲਦ ਬਹਾਲੀ ਨਹੀਂ ਹੁੰਦੀ ਤਾਂ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਜੇਕਰ ਸਮੇਂ ਸਿਰ ਮਾਲ ਗੱਡੀਆਂ ਦੀ ਬਹਾਲੀ ਨਹੀਂ ਹੁੰਦੀ, ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਸਹਿਮਤੀ ਨਹੀਂ ਬਣਦੀ ਤਾਂ ਕਈ ਚੀਜ਼ਾਂ ਦਾ ਸੰਕਟ ਵਧ ਸਕਦਾ ਹੈ। ਜਿਵੇਂ ਕਿ ਆਉਣ ਵਾਲੇ ਸੀਜ਼ਨ ‘ਚ 25 ਲੱਖ ਟਨ ਯੂਰੀਆ, 8 ਲੱਖ ਟਨ ਡੀਏਪੀ ਦੀ ਲੋੜ ਹੈ।

ਸੂਬੇ ‘ਚ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ‘ਚ ਹੌਜਰੀ ਦੇ ਸਾਮਾਨ ਦਾ ਵੱਡਾ ਕਾਰੋਬਾਰ ਹੁੰਦਾ ਹੈ। ਇਸ ਸਮੇਂ 14,000 ਕਰੋੜ ਦਾ ਸਮਾਨ ਅਟਕਿਆ ਹੋਇਆ ਹੈ ਜੋ ਦੂਜੇ ਸੂਬਿਆਂ ਨੂੰ ਜਾਣਾ ਹੈ। ਸਪੋਰਟਸ ਮਾਲਗੱਡੀਆਂ ਦੇ ਰੁਕਣ ਕਾਰਨ ਸੂਬੇ ‘ਚ 5700 ਕਰੋੜ ਦਾ ਸਪੋਰਟਸ ਦਾ ਸਮਾਨ ਫਸਿਆ ਹੈ।

ਸੂਬੇ ‘ਚ ਕੈਟਲ ਫੀਡ ਇੰਡਸਟਰੀ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ। ਇਸ ਲਈ ਰਾਅ ਮਟੀਰੀਅਲ ਦੂਜੇ ਸੂਬਿਆਂ ਤੋਂ ਆਉਂਦਾ ਹੈ। ਕਰੀਬ 20,000 ਕਰੋੜ ਦਾ ਕਾਰੋਬਾਰ ਦੂਜੇ ਸੂਬਿਆਂ ਦੇ ਨਾਲ ਹੁੰਦਾ ਹੈ। ਇਸ ਤੋਂ ਇਲਾਵਾ 7000 ਕਰੋੜ ਦਾ ਹੈਂਡ ਟੂਲਸ ਤੇ ਆਟੋ ਪਾਰਟਸ ਦਾ ਕੰਮ ਠੱਪ ਪਿਆ ਹੈ। ਸੂਬੇ ‘ਚ ਸਕ੍ਰੈਪ ਤੇ ਲੋਹੇ ਦੀ ਵੱਡੀ ਮਾਤਰਾ ‘ਚ ਖਪਤ ਹੁੰਦੀ ਹੈ ਪਰ ਹੁਣ ਇਨ੍ਹਾਂ ਦੀ ਸਪਲਾਈ ਨਹੀਂ ਆ ਰਹੀ।