ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, 13 ਮਾਰਚ ਨੂੰ ਹੋਵੇਗੀ ਸੁਣਵਾਈ

0
236

ਹਿਸਾਰ | ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਅਸਲ-ਫਰਜ਼ੀ ਦਾਅਵੇ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਡੇਰਾ ਪੈਰੋਕਾਰ ਡਾਕਟਰ ਮੋਹਿਤ ਇੰਸਾ ਨੇ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਇਸ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਧਿਰ ਬਣਾਇਆ ਗਿਆ ਹੈ। ਇਹ ਰਿੱਟ 12 ਨਵੰਬਰ 2022 ਨੂੰ ਦਾਇਰ ਕੀਤੀ ਗਈ ਸੀ, ਜਿਸ ਨੂੰ ਸਵੀਕਾਰ ਕਰਦਿਆਂ ਕੱਲ ਸੁਪਰੀਮ ਕੋਰਟ ਨੇ 13 ਮਾਰਚ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਜੁਲਾਈ 2022 ‘ਚ ਰਾਮ ਰਹੀਮ ਦੀ ਪੈਰੋਲ ਦੇ ਸਮੇਂ ਮੋਹਿਤ ਇੰਸਾ ਅਤੇ 19 ਹੋਰਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੀਐੱਲਏ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਇਸ ਨੂੰ ਰੱਦ ਕਰਦਿਆਂ ਟਿੱਪਣੀ ਕੀਤੀ ਸੀ ਕਿ ਇਹ ਫਿਲਮ ਨਹੀਂ ਚੱਲ ਰਹੀ।

ਦੂਜੇ ਪਾਸੇ ਡੇਰਾ ਟਰੱਸਟੀ ਨੇ ਮੋਹਿਤ ਇੰਸਾ ਖਿਲਾਫ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਦੇ ਨਾਲ ਹੀ ਮੋਹਿਤ ਇੰਸਾ ਖਿਲਾਫ ਸਿਰਸਾ ਦੀ ਅਦਾਲਤ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।

ਦੱਸ ਦੇਈਏ ਕਿ ਡੇਰਾ ਪ੍ਰੇਮੀਆਂ ਦਾ ਇੱਕ ਵਰਗ ਡੇਰਾ ਪ੍ਰਬੰਧਨ ਦੇ ਖਿਲਾਫ ਹੈ। ਫੇਥ ਵਰਸਿਜ਼ ਵਰਡਿਕਟ ਨਾਂ ਦੇ ਇਸ ਪੰਨੇ ‘ਤੇ ਡੇਰਾ ਪ੍ਰੇਮੀ ਪ੍ਰਬੰਧਕਾਂ ਵਿਰੁੱਧ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਹਾਲ ਹੀ ਵਿੱਚ ਇਸ ਧੜੇ ਨੇ ਡੇਰਾ ਮੁਖੀ ਦੇ ਦੰਦਾਂ ਦੇ ਨਕਲੀ ਹੋਣ ਦਾ ਦਾਅਵਾ ਵੀ ਕੀਤਾ ਹੈ। ਮੋਹਿਤ ਇੰਸਾ ਖੁਦ ਦੰਦਾਂ ਦੇ ਡਾਕਟਰ ਹਨ, ਉਹ ਰਾਮ ਰਹੀਮ ਦੇ ਦੰਦਾਂ ਬਾਰੇ ਵੀ ਚਰਚਾ ਕਰ ਚੁੱਕੇ ਹਨ।

ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਰਿਹਾ ਹੈ। ਇਹ ਪੈਰੋਲ 2 ਮਾਰਚ ਨੂੰ ਖਤਮ ਹੋਵੇਗੀ। ਉਹ 21 ਜਨਵਰੀ ਨੂੰ ਰੋਹਤਕ ਦੀ ਸੁਨਾਰੀਆ ਜੇਲ ਤੋਂ ਬਾਹਰ ਆਇਆ ਸੀ। ਉਦੋਂ ਤੋਂ ਹੁਣ ਤੱਕ ਉਹ ਬਰਨਾਵਾ ਆਸ਼ਰਮ ਵਿੱਚ ਹੀ ਸਤਿਸੰਗ ਕਰ ਰਹੇ ਹਨ। ਇਸ ਦੌਰਾਨ ਉਸ ਨੇ 3 ਗੀਤ ਲਾਂਚ ਕੀਤੇ ਹਨ।