ਬਜ਼ੁਰਗ ਨਾਲ ਕੇਅਰਟੇਕਰ ਨੇ ਕੀਤੀ ਸਾਈਬਰ ਧੋਖਾਧੜੀ, ਫੋਨ ਰਾਹੀਂ ਆਪਣੇ ਅਕਾਊਂਟਾਂ ‘ਚ ਲੱਖਾਂ ਕੀਤੇ ਟਰਾਂਸਫਰ, 6 ਤੋਲੇ ਸੋਨਾ ਵੀ ਕੀਤਾ ਚੋਰੀ

0
284

 ਜਲੰਧਰ | ਨਿਊ ਕੋਰਟ ਚੌਕ ਨੇੜੇ ਇਕ ਘਰ ‘ਚ ਕੇਅਰਟੇਕਰ ਦੇ ਤੌਰ ‘ਤੇ ਕੰਮ ਕਰਦੀ ਔਰਤ ਸਮੇਤ ਦੋ ਲੋਕਾਂ ਨੇ ਸਾਈਬਰ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਪਹਿਲਾਂ ਬਜ਼ੁਰਗ ਵਿਅਕਤੀ ਦੇ ਫੋਨ ਤੋਂ 6 ਲੱਖ 84 ਹਜ਼ਾਰ ਰੁਪਏ ਯੂਪੀਆਈ ਰਾਹੀਂ ਉਨ੍ਹਾਂ ਦੇ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕੀਤੇ ਤੇ ਫਿਰ ਕਰੀਬ ਸਾਢੇ 6 ਤੋਲੇ (65 ਗ੍ਰਾਮ) ਸੋਨਾ ਚੋਰੀ ਕਰ ਕੇ ਫਰਾਰ ਹੋ ਗਏ।

ਇਸ ਮਾਮਲੇ ‘ਚ ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੇ 90 ਸਾਲਾ ਰਿਸ਼ੀਪਾਲ ਸਿੰਘ ਵਾਸੀ ਨਵੀ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਅਨੁਜ ਸਿੰਘ ਪੁੱਤਰ ਵਰਿੰਦਰ ਸਿੰਘ ਅਤੇ ਸੁਸ਼ੀਲਾ ਸਿੰਘ ਉਰਫ ਨੀਲਮ ਸਿੰਘ ਪਤਨੀ ਸੰਤੋਸ਼ ਕੁਮਾਰ ਵਾਸੀ ਕੋਤਵਾਲੀ ਪਿੰਡ ਜੈਤਾਪੁਰ (ਬਹਰਾਇਚ, ਉੱਤਰ ਪ੍ਰਦੇਸ਼) ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ 90 ਸਾਲਾ ਰਿਸ਼ੀ ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਸ਼ੀਲਾ ਸਿੰਘ ਉਰਫ ਨੀਲਮ ਨੂੰ ਘਰ ‘ਚ ਕੇਅਰਟੇਕਰ ਦੇ ਤੌਰ ‘ਤੇ ਰੱਖਿਆ ਗਿਆ ਸੀ। ਘਰ ਦਾ ਸਾਰਾ ਕੰਮ ਉਹ ਹੀ ਕਰਦੀ ਸੀ। ਦੋਸ਼ੀ ਔਰਤ ਨੇ ਆਪਣੇ ਸਾਥੀ ਨਾਲ ਮਿਲ ਕੇ ਬਜ਼ੁਰਗ ਦੇ ਫੋਨ ਨੂੰ ਕਲੋਨ ਕੀਤਾ ਅਤੇ ਉਸ ਦੀ ਆਨਲਾਈਨ ਪੇਮੈਂਟ ਐਪ ਰਾਹੀਂ ਮੁਲਜ਼ਮਾਂ ਨੇ ਕਰੀਬ 6 ਲੱਖ 84 ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤੇ।

ਜਿਸ ਤੋਂ ਬਾਅਦ ਦੋਸ਼ੀ ਅਨੁਜ ਨੇ ਪੀੜਤ ਦੀ ਸੋਨੇ ਦੀ ਚੇਨ (ਪੰਜ ਤੋਲੇ) ਅਤੇ ਦੋ ਸੋਨੇ ਦੀਆਂ ਮੁੰਦਰੀਆਂ (ਡੇਢ ਤੋਲੇ) ਚੋਰੀ ਕਰ ਲਈਆਂ ਅਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਪਾਰਟੀਆਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।