ਜੰਮੂ-ਕਸ਼ਮੀਰ|ਜੰਮੂ-ਕਸ਼ਮੀਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜੰਮੂ ਕਸ਼ਮੀਰ ਵਿਚ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ‘ਤੇ ਝੱਜਰ ਕੋਟਲੀ ਨੇੜੇ ਯਾਤਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗ ਗਈ। ਇਹ ਬੱਸ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸਵਾਰੀਆਂ ਨੂੰ ਲੈ ਕੇ ਕਟੜਾ ਜਾ ਰਹੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ ‘ਚ ਅੰਮ੍ਰਿਤਸਰ ਦੇ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ ਜਦਕਿ 12 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੰਮੂ ਦੇ ਡੀਸੀ ਨੇ ਦੱਸਿਆ ਕਿ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਗੰਭੀਰ ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 12 ਹੋਰਾਂ ਦਾ ਸਥਾਨਕ ਪੀਐਚਸੀ ਵਿੱਚ ਇਲਾਜ ਚੱਲ ਰਿਹਾ ਹੈ।
ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਅਤੇ ਫੋਟੋਆਂ ਵੀ ਸਾਹਮਣੇ ਆਈਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਜਿਸ ਥਾਂ ‘ਤੇ ਇਹ ਹਾਦਸਾ ਹੋਇਆ ਹੈ, ਉਸ ਤੋਂ ਇੱਕ ਨਦੀ ਵੀ ਲੰਘਦੀ ਹੈ। ਇਹ ਇੱਕ ਚੰਗਾ ਇਤਫ਼ਾਕ ਸੀ ਕਿ ਬੱਸ ਪਲਟ ਕੇ ਨਦੀ ਵਿੱਚ ਨਹੀਂ ਡਿੱਗੀ, ਨਹੀਂ ਤਾਂ ਸਵਾਰੀਆਂ ਨੂੰ ਬਚਾਉਣ ਵਿੱਚ ਕਾਫੀ ਮੁਸ਼ੱਕਤ ਕਰਨੀ ਪੈਣੀ ਸੀ।
ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕੁੱਲ 75 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੀਆਰਪੀਐਫ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਕੁਝ ਯਾਤਰੀਆਂ ਦੇ ਬੱਸ ਹੇਠਾਂ ਦੱਬੇ ਹੋਣ ਦਾ ਵੀ ਖਦਸ਼ਾ ਹੈ। ਇਸ ਦੇ ਲਈ ਮੌਕੇ ‘ਤੇ ਕਰੇਨ ਬੁਲਾਈ ਜਾ ਰਹੀ ਹੈ। ਮੌਤਾਂ ਦਾ ਸਹੀ ਅੰਕੜਾ ਬੱਸ ਨੂੰ ਬਾਹਰ ਕੱਢਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਬਚਾਅ ਕਾਰਜ ‘ਚ ਲੱਗੇ ਸੀਆਰਪੀਐੱਫ ਅਧਿਕਾਰੀ ਅਸ਼ੋਕ ਚੌਧਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ। ਫਿਲਹਾਲ ਹਾਦਸੇ ‘ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ