ਡੇਰਾ ਬਿਆਸ ਦੇ ਸਤਿਸੰਗ ਭਵਨ ਨੂੰ ਜਾਂਦਾ ਪੁੱਲ ਟੁੱਟਿਆ, ਓਵਰਲੋਡ ਟਿੱਪਰ ਲੰਘਣ ਕਾਰਨ ਵਾਪਰਿਆ ਹਾ.ਦਸਾ

0
4892

ਹੁਸ਼ਿਆਰਪੁਰ, 28 ਫਰਵਰੀ | ਇਥੋਂ ਦੇ ਮਾਹਿਲਪੁਰ ਸ਼ਹਿਰ ਦੇ ਬਾਹਰ ਡੇਰਾ ਬਿਆਸ ਦੇ ਸਤਿਸੰਗ ਭਵਨ ਨੇੜੇ ਬਣਿਆ 100 ਸਾਲ ਪੁਰਾਣਾ ਪੁੱਲ ਬੱਜਰੀ (ਗੱਟਕੇ) ਨਾਲ ਭਰੇ ਟਿੱਪਰ ਦੇ ਲੰਘਣ ਕਾਰਨ ਟੁੱਟ ਗਿਆ। ਇਸ ਪੁਲ ਨੂੰ ਕਈ ਸਾਲਾਂ ਤੋਂ ਅਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਕਿਨਾਰੇ ’ਤੇ ਨਵਾਂ ਪੁਲ ਬਣਾਇਆ ਗਿਆ ਪਰ ਰਾਧਾ ਸੁਆਮੀ ਸਤਿਸੰਗ ਭਵਨ ਅਤੇ ਟਰੱਕ ਯੂਨੀਅਨ ਨੂੰ ਜਾਣ ਵਾਲਾ ਇਹ ਇਕੋ ਇਕ ਰਸਤਾ ਹੋਣ ਕਰਕੇ ਵਾਹਨ ਇਥੋਂ ਲੰਘਦੇ ਰਹੇ।

ਦੱਸ ਦਈਏ ਕਿ ਚੰਡੀਗੜ੍ਹ-ਪਠਾਨਕੋਟ ਮੁੱਖ ਮਾਰਗ ‘ਤੇ ਗੜ੍ਹਸ਼ੰਕਰ ਸਥਿਤ ਰੇਲਵੇ ਫਾਟਕ ਨੂੰ ਜ਼ਰੂਰੀ ਮੁਰੰਮਤ ਕਾਰਨ 26 ਤੋਂ 28 ਫਰਵਰੀ ਤੱਕ ਬੰਦ ਰੱਖਿਆ ਗਿਆ ਹੈ। ਇਸ ਕਾਰਨ ਵਾਹਨ ਦੂਜੇ ਰਸਤਿਆਂ ਤੋਂ ਲੰਘ ਰਹੇ ਹਨ। ਕੱਲ ਬੱਜਰੀ ਦੀ ਭਰੀ ਟਰਾਲੀ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਆ ਰਹੀ ਸੀ। ਜਦੋਂ ਉਹ ਮਾਹਿਲਪੁਰ ਦੇ ਮੁੱਖ ਚੌਕ ਪੁੱਜੀ ਤਾਂ ਗੜ੍ਹਸ਼ੰਕਰ ਦਾ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਜੇ ਰਸਤੇ ਰਾਹੀਂ ਭੇਜਣਾ ਪਿਆ।

ਟਰਾਲੀ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਉਥੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਟਰਾਲੀ ਚਾਲਕ ਨੂੰ ਮੋੜ ਕੱਟਣ ਲਈ ਸ਼ਹਿਰ ਤੋਂ ਬਾਹਰ ਭੇਜ ਦਿੱਤਾ। ਜਦੋਂ ਟਰਾਲੀ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਪੁੱਲ ਕੋਲ ਪੁੱਜੀ ਤਾਂ ਅਚਾਨਕ ਪੁੱਲ ਵਿਚਕਾਰੋਂ ਟੁੱਟ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਪੁਲ ਕਰੀਬ 100 ਸਾਲ ਪੁਰਾਣਾ ਹੈ।