ਸੋਨੇ ਦੀ ਅੰਗੂਠੀ ਹਲਕੀ ਕਹਿ ਲਾੜੇ ਨੇ ਉਤਾਰ ਸੁੱਟਿਆ ਸਿਹਰਾ, ਲਾੜੀ ਨੇ ਕਿਹਾ- ਨਹੀਂ ਜਾਵਾਂਗੀ ਲਾਲਚੀ ਬੰਦੇ ਨਾਲ, ਲਾੜੇ ਸਮੇਤ 4 ਗ੍ਰਿਫਤਾਰ

0
1292

ਜਲੰਧਰ/ਕਪੂਰਥਲਾ । ਪਿੰਡ ਕੋਹਾਲਾਂ ‘ਚ ਵਿਆਹ ਸਮਾਗਮ ਦੌਰਾਨ ਦਾਜ ਦੀ ਮੰਗ ਕਰਨਾ ਪਤੀ ਤੇ ਉਸ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ। ਹਲਕੀ ਸੋਨੇ ਦੀ ਅੰਗੂਠੀ ਨੂੰ ਲੈ ਕੇ ਵਿਵਾਦ ਹੋਣ ‘ਤੇ ਲਾੜੀ ਨੇ ਲਾਵਾਂ ਤਾਂ ਲੈ ਲਈਆਂ ਪਰ ਡੋਲੀ ‘ਚ ਬੈਠਣ ਤੋਂ ਇਨਕਾਰ ਕਰ ਦਿੱਤਾ।

ਉਹ ਲਾੜੇ ਨਾਲ ਸਹੁਰੇ ਘਰ ਵੀ ਨਹੀਂ ਗਈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਸ਼ਾਮ ਤੱਕ ਲਾੜੇ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚ ਪਿਤਾ, ਭਰਾ ਤੇ ਵਿਚੋਲਣ ਭਾਬੀ ਵੀ ਸ਼ਾਮਲ ਹੈ।

ਪੁਲਿਸ ਮੁਤਾਬਕ ਕਪੂਰਥਲਾ ਦੇ ਪਿੰਡ ਨੂਰਪੁਰ ਦੋਨਾ ਦਾ ਲਾੜਾ ਗੁਰਦਿਆਲ ਸਿੰਘ ਬਰਾਤ ਲੈ ਕੇ ਕੋਹਾਲਾਂ ਪੁੱਜਾ ਸੀ। ਲਾਵਾਂ ਲੈਣ ਤੋਂ ਪਹਿਲਾਂ ਅੰਗੂਠੀ ਦਿਖਾਈ ਗਈ। ਅੰਗੂਠੀ ਹਲਕੀ ਹੋਣ ਤੇ ਵਿਚੋਲਣ ਸੰਦੀਪ ਕੌਰ ਵੱਲੋਂ ਅੰਗੂਠੀ ਨਾ ਪਹਿਨਾਉਣ ’ਤੇ ਹੰਗਾਮਾ ਹੋ ਗਿਆ।

ਦੋਵਾਂ ਧਿਰਾਂ ਦੇ ਲੋਕਾਂ ਸਾਹਮਣੇ ਗੁਰਦਿਆਲ ਨੇ ਆਪਣੇ ਸਿਰ ਤੋਂ ਸਿਹਰਾ ਲਾਹ ਦਿੱਤਾ ਤੇ ਅੰਗੂਠੀ ਜ਼ਮੀਨ ‘ਤੇ ਸੁੱਟ ਦਿੱਤੀ। ਇਸ ਨਾਲ ਤਣਾਅ ਦੀ ਸਥਿਤੀ ਬਣ ਗਈ ਪਰ ਲੜਕੀ ਦੇ ਪੱਖ ਨੇ ਇੱਜ਼ਤ ਦਾ ਹਵਾਲਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ।

ਉਪਰੰਤ ਪਿੰਡ ਦੇ ਧਾਰਮਿਕ ਅਸਥਾਨ ‘ਤੇ ਦੋਵਾਂ ਦੀ ਲਾਵਾਂ ਦੀ ਰਸਮ ਕਰਵਾਈ ਗਈ। ਲਾਵਾਂ ਤੋਂ ਬਾਅਦ ਅਚਾਨਕ ਲੜਕੀ ਨੇ ਡੋਲੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ- ਮੈਂ ਲਾਲਚੀ ਬੰਦੇ ਨਾਲ ਨਹੀਂ ਜਾਣਾ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਾਂਬੜਾ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਲੜਕੀ ਤੇ ਪਰਿਵਾਰ ਦੇ ਬਿਆਨਾਂ ‘ਤੇ ਪੁਲਿਸ ਨੇ ਲਾੜੇ ਗੁਰਦਿਆਲ ਸਿੰਘ, ਵਿਚੋਲਣ ਭਾਬੀ ਸੰਦੀਪ ਕੌਰ, ਮਹਿੰਦਰ ਸਿੰਘ (ਲੜਕੇ ਦਾ ਪਿਤਾ) ਤੇ ਭਰਾ ਸੁਰਜੀਤ ਸਿੰਘ ਨੂੰ ਹਿਰਾਸਤ ‘ਚ ਲੈ ਲਿਆ।

ਪੁਲਿਸ ਨੇ ਦੇਰ ਰਾਤ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਆਰੋਪੀਆਂ ਖਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਆਪਣੀ ਗ੍ਰਿਫ਼ਤਾਰੀ ਦਿਖਾਈ।

ਥਾਣਾ ਲਾਂਬੜਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਆਰੋਪੀਆਂ ਖਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ