ਮੁਹਾਲੀ| ਬੀਤੇ ਦਿਨੀਂ ਸਵੇਰੇ ਤੜਕਸਾਰ ਤਕਰੀਬਨ 5:30 ਵਜੇ ਦੇ ਕਰੀਬ ਮੁਹਾਲੀ ਦੇ ਪਿੰਡ ਮੌਲੀ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ। ਦਰਅਸਲ ਇਕ ਤਰਫ਼ਾ ਪਿਆਰ ਦੇ ਚਲਦੇ 22 ਸਾਲਾ ਨੌਜਵਾਨ ਗੁਰਪ੍ਰਤਾਪ ਸਿੰਘ ਵਲੋਂ ਇਕ ਨਾਬਾਲਗ਼ ਕੁੜੀ ਨੂੰ ਪਿਛਲੇ ਲੰਮੇ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਕਈ ਵਾਰੀ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੂੰ ਦੱਸਿਆ ਗਿਆ।
ਇਸ ਤੋਂ ਖ਼ਫ਼ਾ ਹੋ ਕੇ ਗੁਰਪ੍ਰਤਾਪ ਸਿੰਘ ਜੋ ਚੰਡੀਗੜ੍ਹ ਵਿਖੇ ਪਾਸਪੋਰਟ ਦਫ਼ਤਰ ਵਿਚ ਨੌਕਰੀ ਕਰਦਾ ਹੈ ਉਹ ਸਵੇਰੇ ਤੜਕਸਾਰ ਦੀਵਾਰ ਟੱਪ ਕੇ ਘਰ ‘ਚ ਦਾਖ਼ਲ ਹੋਇਆ, ਜਿਸ ਦੀ ਭਿਣਕ ਘਰ ਵਿਚ ਸੌਂ ਰਹੇ 62 ਸਾਲਾ ਬਜ਼ੁਰਗ ਜਗਤਾਰ ਸਿੰਘ ਨੂੰ ਲੱਗੀ ਤਾਂ ਉਹ ਉਠ ਕੇ ਬਾਹਰ ਆਇਆ ਅਤੇ ਗੁਰਪ੍ਰਤਾਪ ਸਿੰਘ ਅਤੇ ਬਜ਼ੁਰਗ ਹੱਥੋ- ਪਾਈ ਹੋ ਗਏ। ਹੱਥੋਪਾਈ ਦੌਰਾਨ ਗੁਰਪ੍ਰਤਾਪ ਸਿੰਘ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਤਾਂ ਉਸ ਦਾ ਸਿਰ ਟੁੱਲੂ ਪੰਪ ਨਾਲ ਜਾ ਲੱਗਿਆ
ਜਿਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਤੁਰੰਤ ਥਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਜਦੋਂ ਇਸ ਸਬੰਧੀ ਐਸ.ਐਚ.ਓ. ਥਾਣਾ ਸੋਹਾਣਾ ਗੁਰਚਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ।