ਲੁਧਿਆਣਾ, 4 ਨਵੰਬਰ | ਇਥੇ ਇੱਕ ਵਿਅਕਤੀ ਦੀ ਲਾਸ਼ 23 ਦਿਨਾਂ ਤੱਕ ਦਰੱਖਤ ਨਾਲ ਲਟਕਦੀ ਰਹੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਕ ਰਾਹਗੀਰ ਨੇ ਸੜਕ ਤੋਂ 10 ਮਿੰਟ ਦੀ ਦੂਰੀ ‘ਤੇ ਇਕ ਜੰਗਲੀ ਖੇਤਰ ਵਿਚ ਜ਼ਮੀਨ ਤੋਂ ਲਗਭਗ 15 ਫੁੱਟ ਉੱਚੇ ਦਰੱਖਤ ‘ਤੇ ਇਕ ਲਾਸ਼ ਲਟਕਦੀ ਦੇਖੀ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹੁਣ ਦਰਖਤ ‘ਤੇ ਮ੍ਰਿਤਕ ਦਾ ਸਿਰਫ ਪਿੰਜਰ ਹੀ ਬਚਿਆ ਸੀ। ਮ੍ਰਿਤਕ ਦਾ ਨਾਂ ਧੀਰਜ ਕੁਮਾਰ ਹੈ। ਦੇਰ ਰਾਤ ਧੀਰਜ ਦਾ ਪੋਸਟਮਾਰਟਮ ਕੀਤਾ ਗਿਆ। ਅੱਜ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਧੀਰਜ ਮਸ਼ੀਨਾਂ ਪੇਂਟ ਕਰਦਾ ਸੀ। ਅਗਲੇ ਮਹੀਨੇ ਉਸ ਦਾ ਵਿਆਹ ਤੈਅ ਸੀ।
ਜਾਣਕਾਰੀ ਅਨੁਸਾਰ ਧੀਰਜ 5 ਅਕਤੂਬਰ ਨੂੰ ਫੈਕਟਰੀ ਤੋਂ ਸਕੂਟਰ ਲੈ ਕੇ ਗਿਆ ਸੀ ਪਰ ਜਦੋਂ ਉਹ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉਸ ਦੇ ਰਿਸ਼ਤੇਦਾਰਾਂ ਵਿਚ ਵੀ ਉਸ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। 27 ਅਕਤੂਬਰ ਨੂੰ ਅਚਾਨਕ ਕਿਸੇ ਰਾਹਗੀਰ ਨੇ ਧੀਰਜ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇਹ ਦੀ ਹਾਲਤ ਵਿਗੜ ਗਈ ਹੈ। ਧੀਰਜ ਦਾ ਵਿਆਹ 10 ਦਸੰਬਰ ਨੂੰ ਪਿੰਡ ਵਿਚ ਤੈਅ ਹੋਇਆ ਸੀ।
ਪਰਿਵਾਰ ਨੇ ਧੀਰਜ ਦੀ ਪੈਂਟ ‘ਚੋਂ ਸਕੂਟਰ ਦੀਆਂ ਚਾਬੀਆਂ ਬਰਾਮਦ ਕਰ ਲਈਆਂ ਹਨ ਪਰ ਸਕੂਟਰ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ। ਉਸ ਦੀ ਲਾਸ਼ ਜ਼ਮੀਨ ਤੋਂ 15 ਫੁੱਟ ਉੱਚੀ ਕਿਵੇਂ ਲਟਕਦੀ ਰਹੀ, ਇਹ ਵੀ ਜਾਂਚ ਦਾ ਵਿਸ਼ਾ ਹੈ। ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਜੇਕਰ ਪੋਸਟਮਾਰਟਮ ਰਿਪੋਰਟ ‘ਚ ਕੋਈ ਖੁਲਾਸੇ ਹੁੰਦੇ ਹਨ ਤਾਂ ਪੁਲਿਸ ਅਨੁਸਾਰ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।