ਫਰੀਦਾਬਾਦ। ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਇਕ ਹੀ ਹਸਪਤਾਲ ‘ਚ ਕੰਮ ਕਰ ਰਹੀਆਂ ਦੋ ਮੁਟਿਆਰਾਂ ਦੀ ਵੱਖ-ਵੱਖ ਥਾਵਾਂ ‘ਤੇ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਇਕ ਲੜਕੀ ਹਸਪਤਾਲ ਵਿਚ ਨਰਸ ਸੀ, ਜਦਕਿ ਦੂਜੀ ਲੜਕੀ ਮੈਨੇਜਰ ਸੀ। ਨਰਸ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਰਸ ਦੀ ਲਾਸ਼ ਹੋਸਟਲ ‘ਚੋਂ ਅਤੇ ਮੈਨੇਜਰ ਦੀ ਲਾਸ਼ ਫਲੈਟ ‘ਚੋਂ ਮਿਲੀ।
ਮਹਿੰਦਰਗੜ੍ਹ ਵਾਸੀ ਮਹਿੰਦਰ ਨੇ ਦੱਸਿਆ ਕਿ ਉਸ ਦੀ ਛੋਟੀ ਧੀ ਫਰੀਦਾਬਾਦ ਦੇ ਅਕਾਰਡ ਹਸਪਤਾਲ ਵਿੱਚ ਇੱਕ ਸਾਲ ਤੋਂ ਨਰਸ ਸੀ। ਸੋਮਵਾਰ ਸਵੇਰੇ 6 ਵਜੇ ਉਸ ਦੀ ਬੇਟੀ ਕਵਿਤਾ ਨੇ ਆਪਣੀ ਵੱਡੀ ਭੈਣ ਨਾਲ ਫੋਨ ‘ਤੇ ਗੱਲ ਕੀਤੀ ਸੀ। ਦੁਪਹਿਰ ਬਾਅਦ ਪੁਲਸ ਨੂੰ ਫੋਨ ਆਇਆ ਕਿ ਉਸ ਦੀ ਬੇਟੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਹਿੰਦਰ ਨੇ ਦੱਸਿਆ ਕਿ ਉਸ ਦੀ ਲੜਕੀ ਹਸਪਤਾਲ ਦੇ ਹੋਸਟਲ ਵਿੱਚ ਰਹਿੰਦੀ ਸੀ।
ਦੋਸ਼ ਹੈ ਕਿ ਉਸ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਦੂਜੇ ਮਾਮਲੇ ‘ਚ ਪਲਵਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ 27 ਸਾਲਾ ਬੇਟੀ ਸ਼ੀਤਲ ਹਸਪਤਾਲ ‘ਚ ਮੈਨੇਜਰ ਸੀ। ਦੋ ਦਿਨਾਂ ਤੱਕ ਡਿਊਟੀ ‘ਤੇ ਨਾ ਪਹੁੰਚਣ ‘ਤੇ ਸੋਮਵਾਰ ਨੂੰ ਹਸਪਤਾਲ ਤੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਰਿਸ਼ਤੇਦਾਰ ਸੈਕਟਰ-86 ਸਥਿਤ ਸਮਰ ਪਾਮ ਸੋਸਾਇਟੀ ਦੀ ਤੀਜੀ ਮੰਜ਼ਿਲ ਦੇ ਫਲੈਟ ’ਤੇ ਪੁੱਜੇ। ਫਲੈਟ ਅੰਦਰੋਂ ਬੰਦ ਹੋਣ ਕਾਰਨ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਜਦੋਂ ਫਲੈਟ ਦਾ ਗੇਟ ਤੋੜਿਆ ਤਾਂ ਅੰਦਰ ਸ਼ੀਤਲ ਲਟਕਦੀ ਮਿਲੀ।
ਅਕਾਰਡ ਹਸਪਤਾਲ ਦੀ ਜੀਐਮ ਪੂਰਨਿਮਾ ਨੇ ਦੱਸਿਆ ਕਿ ਹਸਪਤਾਲ ਦੇ ਹੋਸਟਲ ਵਿੱਚ ਨਰਸ ਦੀ ਮੌਤ ਹੋ ਗਈ। ਅਸੀਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਅਸੀਂ ਪੁਲਿਸ ਦੀ ਜਾਂਚ ਵਿੱਚ ਸਹਿਯੋਗ ਕਰ ਰਹੇ ਹਾਂ। ਦੂਜੇ ਪਾਸੇ ਸ਼ੀਤਲ ਹਸਪਤਾਲ ਦੀ ਸਿੱਧੀ ਮੁਲਾਜ਼ਮ ਨਹੀਂ ਸੀ, ਫਿਰ ਵੀ ਪੁਲਿਸ ਵੱਲੋਂ ਜੋ ਵੀ ਮਾਮਲੇ ਦੀ ਜਾਂਚ ਕਰਨੀ ਪਵੇਗੀ, ਉਸ ਦੀ ਪੂਰੀ ਮਦਦ ਕੀਤੀ ਜਾਵੇਗੀ।







































