ਭਾਖੜਾ ਨਹਿਰ ‘ਚੋਂ ਨੌਜਵਾਨ ਦੀ ਮਿਲੀ ਲਾ.ਸ਼, ਵਾਲੀਬਾਲ ਮੈਚ ਖੇਡਣ ਗਿਆ ਹੋਇਆ ਸੀ ਲਾਪਤਾ

0
765

ਬਨੂੜ, ਮੋਹਾਲੀ, 15 ਸਤੰਬਰ | ਪਿੰਡ ਖਲੌਰ ਦੇ ਐਤਵਾਰ ਨੂੰ ਲਾਪਤਾ ਹੋਏ 24 ਸਾਲ ਦੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ‘ਚੋਂ ਮਿਲੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਖਲੌਰ ਦੇ ਵਸਨੀਕ ਹਾਕਮ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤ ਜਗਦੀਪ ਸਿੰਘ ਜੋ ਕਿ ਐਤਵਾਰ ਨੇੜਲੇ ਪਿੰਡ ਖ਼ਾਸਪੁਰ ਵਿਚ ਵਾਲੀਵਾਲ ਦਾ ਮੈਚ ਖੇਡਣ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ।

ਜਦੋਂ ਰਾਤੀਂ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੇ ਹੋਰ ਥਾਵਾਂ ‘ਤੇ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਲਾਪਤਾ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਰਾਤ ਨੂੰ ਉਸਦਾ ਮੋਟਰਸਾਈਕਲ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੇ ਕਿਨਾਰੇ ਪਿੰਡ ਮੰਡੋਲੀ ਕੋਲੋਂ ਮਿਲਿਆ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਨੌਜਵਾਨ ਜਗਦੀਪ ਸਿੰਘ ਦੀ ਲਾਸ਼ ਸਵੇਰੇ ਨਹਿਰ ‘ਚੋਂ ਜਨਸੂਈ ਹੈੱਡ ਵਿਚ ਤੈਰਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।