ਪਟਿਆਲਾ | ਬਠਿੰਡਾ ਤੋਂ ਪਟਿਆਲੇ ਆਪਣੇ ਮੰਗੇਤਰ ਕੋਲ ਵਿਆਹ ਦਾ ਸ਼ਾਪਿੰਗ ਕਰਨ ਆਈ 28 ਸਾਲਾ ਰੁਪਿੰਦਰ ਕੌਰ ਦੀ ਲਾਸ਼ ਪੁਲਿਸ ਨੇ ਵੀਰਵਾਰ ਨੂੰ ਉਸ ਦੇ ਮੰਗੇਤਰ ਦੇ ਘਰੋਂ ਬਰਾਮਦ ਕਰ ਲਈ।
14 ਅਕਤੂਬਰ ਤੋਂ ਲਾਪਤਾ 40 ਸਾਲ ਦੇ ਮੰਗੇਤਰ ਨਵਨਿੰਦਰਪ੍ਰੀਤ ਸਿੰਘ ਨੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਆਪਣੇ ਘਰ ਦੇ ਡਰਾਇੰਗ ਰੂਮ ‘ਚ ਫਰਸ਼ ਪੁੱਟ ਕੇ ਦਬਾ ਦਿੱਤਾ ਸੀ ਤੇ ਫਰਸ਼ ਦੇ ਉਪਰ ਟਾਈਲਾਂ ਵੀ ਲਗਾ ਦਿੱਤੀਆਂ ਸਨ। ਫਿਰ ਉਸ ‘ਤੇ ਸਿੰਗਲ ਬੈੱਡ ਲਗਾ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ।
ਪੁਲਿਸ ਨੇ ਫਰਸ਼ ਤੋੜ ਕੇ ਕਰੀਬ 6 ਫੁੱਟ ਡੂੰਘੇ ਟੋਏ ‘ਚੋਂ ਲਾਸ਼ ਬਾਹਰ ਕੱਢੀ। ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਆਰੋਪੀ ਨਵਨਿੰਦਰਪ੍ਰੀਤ ਨੂੰ ਗ੍ਰਿਫਤਾਰ ਕਰਕੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਤਲ ਦਾ ਕਾਰਨ ਜਾਣਨ ਲਈ ਪੁੱਛਗਿਛ ਕੀਤੀ ਜਾ ਰਹੀ ਹੈ। ਬਠਿੰਡਾ ਵਾਸੀ ਰੁਪਿੰਦਰ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਵਿਆਹ ਦੀ ਤਰੀਕ 20 ਅਕਤੂਬਰ ਤੈਅ ਕੀਤੀ ਗਈ ਸੀ।
ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਨਵਨਿੰਦਰ
ਪਟਿਆਲਾ ਪਹੁੰਚੇ ਰੁਪਿੰਦਰ ਦੇ ਪਿਤਾ ਸੁਖਚੈਨ ਸਿੰਘ ਨੂੰ ਪਤਾ ਲੱਗਾ ਕਿ ਨਵਨਿੰਦਰ ਦਾ ਪਹਿਲਾਂ ਹੀ ਲਖਵਿੰਦਰ ਕੌਰ ਨਾਲ ਵਿਆਹ ਹੋ ਚੁੱਕਾ ਹੈ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ।
ਪਰਿਵਾਰ ਨਾਲ ਮਿਲ ਕੇ 2 ਦਿਨ ਰੁਪਿੰਦਰ ਦੀ ਭਾਲ ਕਰਦਾ ਰਿਹਾ ਆਰੋਪੀ
ਸੁਖਚੈਨ ਸਿੰਘ ਨੇ ਦੱਸਿਆ ਕਿ ਪਟਿਆਲਾ ਪਹੁੰਚ ਕੇ 13 ਅਕਤੂਬਰ ਰਾਤ ਨੂੰ ਬੇਟੀ ਰੁਪਿੰਦਰ ਨੇ ਆਖਰੀ ਵਾਰ ਗੱਲ ਕੀਤੀ ਸੀ। 14 ਅਕਤੂਬਰ ਨੂੰ ਨਵਨਿੰਦਰ ਨੇ ਫੋਨ ਕਰਕੇ ਕਿਹਾ ਕਿ ਰੁਪਿੰਦਰ ਝਗੜਾ ਕਰਕੇ ਕਿਤੇ ਚਲੀ ਗਈ ਹੈ। 15 ਅਕਤੂਬਰ ਨੂੰ ਪਰਿਵਾਰਕ ਮੈਂਬਰ ਬਠਿੰਡਾ ਤੋਂ ਪਟਿਆਲਾ ਆ ਕੇ ਰੁਪਿੰਦਰ ਦੀ ਭਾਲ ਕਰਨ ਲੱਗੇ ਤਾਂ 2 ਦਿਨਾਂ ਤੱਕ ਆਰੋਪੀ ਵੀ ਨਾਲ ਹੀ ਲੱਭਦਾ ਰਿਹਾ।