ਜਲੰਧਰ ਦੀ 22 ਸਾਲਾ ਕੁੜੀ ਦੀ ਲਾਸ਼ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਬਰਾਮਦ

0
357


ਚੰਡੀਗੜ੍ਹ/ਜਲੰਧਰ|
ਸ਼ੁੱਕਰਵਾਰ ਦੁਪਹਿਰ ਸੁਖਨਾ ਝੀਲ ਦੇ ਗਾਰਡਨ ਆਫ ਸਾਈਲੈਂਸ ਦੇ ਪਿੱਛੇ ਜੰਗਲਾਂ ‘ਚ ਨਕੋਦਰ ਦੀ ਰਹਿਣ ਵਾਲੀ 22 ਸਾਲਾ ਕੁੜੀ ਦੀ ਭੇਤਭਰੇ ਹਾਲਾਤਾਂ ‘ਚ ਮੌਤ ਹੋ ਗਈ। ਨਕੋਦਰ ‘ਚ ਬਿਊਟੀਸ਼ੀਅਨ ਵਜੋਂ ਕੰਮ ਕਰਨ ਵਾਲੀ ਕੁੜੀ ਦੇ ਸਰੀਰ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਅਤੇ ਗਲੇ ‘ਚ ਦੁਪੱਟਾ ਲਪੇਟਿਆ ਹੋਇਆ ਸੀ। ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪੱਖਾਂ ਤੋਂ ਜਾਂਚ ਕਰ ਰਹੀ ਹੈ ਕਿਉਂਕਿ ਉਸ ਦੇ ਚਿਹਰੇ ਅਤੇ ਕੱਪੜਿਆਂ ‘ਤੇ ਨਿਸ਼ਾਨ ਸਨ ਤੇ ਖੂਨ ਦੇ ਧੱਬੇ ਵੀ ਸਨ।

ਜਿਸ ਇਲਾਕੇ ਵਿੱਚ ਲਾਸ਼ ਮਿਲੀ ਸੀ, ਉੱਥੇ ਸੀਸੀਟੀਵੀ ਕੈਮਰਿਆਂ ਦੀ ਅਣਹੋਂਦ ਕਾਰਨ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ ਕਿ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ। ਪੁਲਿਸ ਨੂੰ ਰਾਤ 1.47 ਵਜੇ ਲਾਸ਼ ਬਾਰੇ ਸੂਚਨਾ ਮਿਲੀ। ਮੌਕੇ ‘ਤੇ ਪੁੱਜਣ ‘ਤੇ ਉਨ੍ਹਾਂ ਨੇ ਗਾਰਡਨ ਆਫ ਸਾਈਲੈਂਸ ਦੇ ਪਿੱਛੇ ਇਕ ਦਰੱਖਤ ਦੇ ਕੋਲ ਲਾਸ਼ ਜ਼ਮੀਨ ‘ਤੇ ਪਈ ਮਿਲੀ। ਹਾਲਾਂਕਿ ਸਰੀਰ ‘ਤੇ ਗਲਾ ਘੁੱਟਣ ਦੇ ਨਿਸ਼ਾਨ ਅਤੇ ਖੂਨ ਦੇ ਧੱਬੇ ਸਨ ਪਰ ਹੋਰ ਕੋਈ ਸੱਟ ਜਾਂ ਸੰਘਰਸ਼ ਦਾ ਨਿਸ਼ਾਨ ਨਹੀਂ ਸੀ।

ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਲਾਸ਼ ਦੇ ਨੇੜਿਓਂ ਇੱਕ ਨੋਟਬੁੱਕ ਅਤੇ ਚੱਪਲਾਂ ਦਾ ਜੋੜਾ ਮਿਲਿਆ ਹੈ। ਨੋਟਬੁੱਕ ਵਿੱਚ ਇੱਕ ਮੋਬਾਈਲ ਨੰਬਰ ਸੀ, ਜਿਸ ਦੀ ਮਦਦ ਨਾਲ ਪੁਲਿਸ ਨੇ ਮਹਿਲਾ ਦੇ ਪਰਿਵਾਰ ਤੱਕ ਪਹੁੰਚ ਕੀਤੀ।