ਪੰਜਾਬ ਦੀਆਂ ਧੀਆਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਸੁਪਨਿਆਂ ਨੂੰ ਮਿਲੇਗੀ ਉਡਾਣ

0
1471

ਚੰਡੀਗੜ੍ਹ, 11 ਦਸੰਬਰ | CM ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ਼ ਵੱਲੋਂ ਹੀ ਚਲਾਇਆ ਜਾਵੇਗਾ। ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਸੀ-ਪਾਈਟ ਦੇ ਐਗਜ਼ੀਕਿਊਟਿਵ ਬੋਰਡ ਦੀ 33ਵੀਂ ਮੀਟਿੰਗ ਵਿਚ ਲਿਆ ਗਿਆ। ਅਮਨ ਅਰੋੜਾ ਨੇ ਦੱਸਿਆ ਕਿ ਕਪੂਰਥਲਾ ਵਿਚ ਥੇਹ ਕਾਂਝਲਾ ਵਿਖੇ ਸਥਿਤ ਮੌਜੂਦਾ ਸੀ-ਪਾਈਟ ਕੈਂਪ ਨੂੰ ਲੜਕੀਆਂ ਦੇ ਕੈਂਪ ਵਿਚ ਤਬਦੀਲ ਕੀਤਾ ਜਾਵੇਗਾ, ਜਿਥੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ. ਏ. ਪੀ. ਐੱਫ.) ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸੀ-ਪਾਈਟ ਕੈਂਪ ਵਿਚ ਸਿਰਫ਼ ਲੜਕਿਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਸੀ-ਪਾਈਟ ਵੱਲੋਂ ਹਥਿਆਰਬੰਦ ਬਲਾਂ ਵਿਚ ਅਫ਼ਸਰ ਵਜੋਂ ਭਰਤੀ ਹੋਣ ਲਈ ਐੱਨ.ਡੀ.ਏ. ਜਾਂ ਸੀ.ਡੀ.ਐੱਸ. ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਸਰਵਿਸ ਸਿਲੈਕਸ਼ਨ ਬੋਰਡ (ਐੱਸ. ਐੱਸ. ਬੀ.) ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਲਈ ਸਕਿਓਰਿਟੀ ਅਤੇ ਫਾਇਰ-ਫਾਇਟਿੰਗ ਦੀ ਸਿਖਲਾਈ ਸ਼ੁਰੂ ਕਰਨ ਤੋਂ ਇਲਾਵਾ ਆਰਮਡ ਸਕਿਓਰਿਟੀ ਟ੍ਰੇਨਿੰਗ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸੂਬੇ ਦੇ ਸੀ-ਪਾਈਟ ਕੈਂਪਾਂ ਵਿਚ ਨੌਜਵਾਨਾਂ ਲਈ ਡਰਾਈਵਿੰਗ ਸਿਖਲਾਈ, ਜੇ. ਸੀ. ਬੀ./ਪੋਕਲੇਨ ਅਤੇ ਡਰੋਨ ਨੂੰ ਅਪਰੇਟ ਕਰਨ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਜਸਪ੍ਰੀਤ ਤਲਵਾੜ, ਡਾਇਰੈਕਟਰ ਮਿਸ ਅੰਮ੍ਰਿਤ ਸਿੰਘ, ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।