ਅੰਮ੍ਰਿਤਸਰ, 23 ਅਕਤੂਬਰ | ਬੁੱਧਵਾਰ ਸਵੇਰੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਨੇ 10 ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਬੀਕਾਨੇਰ ਤੋਂ ਬੱਸ ਵਿਚ ਖੋਆ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ।
ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੂਡ ਐਂਡ ਡਰੱਗ ਕਮਿਸ਼ਨਰ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ‘ਤੇ ਉਨ੍ਹਾਂ ਨੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਅਗਵਾਈ ਹੇਠ ਖੋਆ ਫੜਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਵੇਰੇ 4 ਵਜੇ ਗੋਲਡਨ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਬੀਕਾਨੇਰ ਤੋਂ ਸਾਢੇ ਚਾਰ ਵਜੇ ਬੱਸ ਆਈ।
ਉਨ੍ਹਾਂ ਸ਼ੱਕ ਦੇ ਆਧਾਰ ‘ਤੇ ਰਾਠੌਰ ਬੱਸ ਦੇ ਨਾਂ ‘ਤੇ ਆਈ ਬੱਸ ਦਾ ਪਿੱਛਾ ਕੀਤਾ ਅਤੇ ਸਿਟੀ ਸੈਂਟਰ ਕੋਲ ਆ ਕੇ ਬੱਸ ਨੂੰ ਰੋਕ ਲਿਆ। ਫਿਰ ਬੱਸ ਦੀ ਚੈਕਿੰਗ ਕੀਤੀ ਗਈ, ਜਿਸ ਵਿਚ 20 ਬੋਰੀਆਂ ਵਿਚ ਖੋਆ ਬਰਾਮਦ ਹੋਇਆ, ਜਿਸ ਤੋਂ ਬਾਅਦ ਤੋਲਣ ‘ਤੇ ਕੁੱਲ 10 ਕੁਇੰਟਲ ਦਾ ਖੋਆ ਹੋਇਆ। ਇਹ ਖੋਆ ਬੀਕਾਨੇਰ ਦੇ ਸ਼ੰਕਰ ਲਾਲ ਨੇ ਭੇਜਿਆ ਹੈ। ਇਹ ਖੋਆ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ।
ਉਨ੍ਹਾਂ ਕਿਹਾ ਕਿ ਇਹ ਖੋਆ ਦੁਕਾਨਾਂ ’ਤੇ ਜ਼ਿਆਦਾ ਸਪਲਾਈ ਹੋਣ ਸੀ। ਇਸ ਤੋਂ ਪਹਿਲਾਂ ਵੀ ਬੀਕਾਨੇਰ ਦੀਆਂ ਮਠਿਆਈਆਂ ਦੀਆਂ ਦੁਕਾਨਾਂ ‘ਤੇ ਸੈਂਪਲਿੰਗ ਕੀਤੀ ਗਈ ਸੀ ਅਤੇ ਹੁਣ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਇਹ ਖੋਆ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਖੋਆ ਜਿਨ੍ਹਾਂ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ, ਉਥੇ ਵੀ ਸੈਂਪਲਿੰਗ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)