ਪੁਲਿਸ ਹਿਰਾਸਤ ‘ਚੋਂ ਫਰਾਰ ਹੋਈ ਮੁਲਜ਼ਮ ਔਰਤ ਦਾ ਅਜੇ ਤਕ ਨਹੀਂ ਮਿਲਿਆ ਸੁਰਾਗ; ਨਾਬਾਲਿਗ ਲੜਕੀਆਂ ਨੂੰ ਘਰੋਂ ਵਰਗਲਾ ਕੇ ਲੈ ਜਾਂਦੀ ਸੀ ਪ੍ਰੀਤੀ

0
1315

ਖੰਨਾ, 9 ਨਵੰਬਰ | ਖੰਨਾ ‘ਚ ਪੁਲਿਸ ਹਿਰਾਸਤ ‘ਚੋਂ ਇਕ ਮੁਲਜ਼ਮ ਔਰਤ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਔਰਤ ਨੇ ਖੰਨਾ ਦੇ ਸਿਵਲ ਹਸਪਤਾਲ ਵਿਚ ਪੁਲਿਸ ਨੂੰ ਚਕਮਾ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ਵਿਚ ਸੀ ਤਾਂ ਮੁਲਜ਼ਮ ਔਰਤ ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਹਾਲਾਂਕਿ ਪੁਲਿਸ ਟੀਮਾਂ ਕਾਫੀ ਦੇਰ ਤੱਕ ਸ਼ਹਿਰ ‘ਚ ਔਰਤ ਦੀ ਭਾਲ ਕਰਦੀਆਂ ਰਹੀਆਂ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਜਾਣਕਾਰੀ ਅਨੁਸਾਰ ਥਾਣਾ ਸਦਰ ‘ਚ ਪੁਲਿਸ ਨੇ ਪਿੰਡ ਹੋਲ ਦੀ ਰਹਿਣ ਵਾਲੀ ਪ੍ਰੀਤੀ ਅਤੇ ਉਸ ਦੇ ਪਤੀ ਮਲਾਗਰ ਸਿੰਘ ਖਿਲਾਫ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਵਰਗਲਾ ਕੇ ਲਿਜਾਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਸੀ। ਪੋਕਸੋ ਐਕਟ ਵੀ ਲਗਾਇਆ ਗਿਆ।

ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਔਰਤ ਪ੍ਰੀਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਲੇਡੀਜ਼ ਕਾਂਸਟੇਬਲ ਵੀ ਉਸ ਦੇ ਨਾਲ ਸੀ। ਡਾਕਟਰੀ ਪ੍ਰਕਿਰਿਆ ਦੌਰਾਨ ਹੀ ਪੁਲਿਸ ਨੂੰ ਪਤਾ ਨਹੀਂ ਲੱਗਾ ਕਿ ਉਕਤ ਔਰਤ ਕਦੋਂ ਖਿਸਕ ਗਈ। ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਔਰਤ ਦੀ ਭਾਲ ਕੀਤੀ ਜਾ ਰਹੀ ਹੈ।

ਮੁਲਜ਼ਮ ਔਰਤ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਟੀਮਾਂ ਕਈ ਘੰਟਿਆਂ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਉਸ ਦੀ ਭਾਲ ਕਰਦੀਆਂ ਰਹੀਆਂ। ਦੁਕਾਨਾਂ ‘ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਬੱਸ ‘ਚ ਹੀ ਭੱਜ ਗਈ।

ਮੁਲਜ਼ਮ ਔਰਤ ਪ੍ਰੀਤੀ ਯੂਪੀ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਉਸ ਨੇ ਕੁਝ ਸਮਾਂ ਪਹਿਲਾਂ ਖੰਨਾ ‘ਚ ਲਵ-ਮੈਰਿਜ ਕਰਵਾਈ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦੋਸ਼ੀ ਔਰਤ ਯੂਪੀ ਭੱਜ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਅਲਰਟ ਕਰ ਦਿੱਤਾ।