8 ਸਾਲਾ ਬੱਚੀ ਨਾਲ ਮਾਸਟਰ ਕਰਦਾ ਰਿਹਾ ਸ਼ਰਮ ਦੀਆਂ ਹੱਦਾਂ ਪਾਰ, ਪਤਾ ਲੱਗਣ ‘ਤੇ ਪਿੰਡ ਵਾਲਿਆਂ ਚਾੜ੍ਹਿਆ ਕੁਟਾਪਾ

0
783

ਮਾਛੀਵਾੜਾ ਸਾਹਿਬ। ਨੇੜਲੇ ਪਿੰਡ ਹਿਆਤਪੁਰਾ ਵਿਖੇ ਸਿੱਖਿਆ ਦੇ ਮੰਦਿਰ ਵਿਚ ਇੱਕ ਅਧਿਆਪਕ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਅਧਿਆਪਕ ਹੀ 8 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ’ਤੇ ਪਿੰਡ ਵਾਸੀਆਂ ਨੇ ਉਸਦਾ ਕੁਟਾਪਾ ਚਾੜਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਹਿਆਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ 8 ਸਾਲ ਦੀ ਚੌਥੀ ਜਮਾਤ ’ਚ ਪੜ੍ਹਦੀ ਵਿਦਿਆਰਥਣ ਨੇ ਆਪਣੇ ਮਾਪਿਆਂ ਨੂੰ ਘਰ ਜਾ ਕੇ ਦੱਸਿਆ ਕਿ ਉਸਦਾ ਅਧਿਆਪਕ ਉਸ ਨਾਲ ਬੇਹੱਦ ਹੀ ਇਤਰਾਜ਼ਯੋਗ ਹਰਕਤਾਂ ਕਰਦਾ ਹੈ ਅਤੇ ਨਾਲ ਹੀ ਧਮਕੀ ਦਿੰਦਾ ਹੈ ਕਿ ਜੇਕਰ ਉਸ ਨੇ ਆਪਣੇ ਮਾਪਿਆਂ ਨੂੰ ਕੋਈ ਗੱਲ ਦੱਸੀ ਤਾਂ ਉਸ ਨੂੰ ਕੁੱਟ ਪਵੇਗੀ।

ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਝ ਦਿਨਾਂ ਤੋਂ ਸਹਿਮੀ ਹੋਈ ਦਿਖਾਈ ਦੇ ਰਹੀ ਸੀ ਪਰ ਜਦੋਂ ਉਸ ਨੇ ਆਪਣੀ ਦਾਦੀ ਤੇ ਮਾਂ ਨੂੰ ਦੱਸਿਆ ਕਿ ਸਕੂਲ ਦਾ ਅਧਿਆਪਕ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤਾਂ ਅੱਜ ਪਿੰਡ ਦੇ ਲੋਕ ਅਤੇ ਪੰਚਾਇਤ ਸਕੂਲ ਪੁੱਜੀ, ਜਿੱਥੇ ਪਹਿਲਾਂ ਤਾਂ ਉਨ੍ਹਾਂ ਨੇ ਅਧਿਆਪਕ ਦਾ ਕੁਟਾਪਾ ਚਾੜਿਆ ਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਪ੍ਰਾਇਮਰੀ ਸਕੂਲ ਦਾ ਇਹ ਮੁੱਖ ਅਧਿਆਪਕ ਜਿੱਥੇ ਆਪਣੀ ਗਲਤੀ ਮੰਨ ਰਿਹਾ ਸੀ, ਉੱਥੇ ਮੁਆਫ਼ੀ ਵੀ ਮੰਗ ਰਿਹਾ ਸੀ ਪਰ ਪਿੰਡ ਵਾਸੀਆਂ ਵਲੋਂ ਦਿੱਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਕੂੰਮਕਲਾਂ ਦੀ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ।

ਇਸ ਮੌਕੇ ਪੁੱਜੇ ਥਾਣਾ ਕੂੰਮਕਲਾਂ ਦੇ ਸਬ-ਇੰਸਪੈਕਟਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਅਧਿਆਪਕ ਵਲੋਂ ਸਕੂਲ ਦੀ 8 ਸਾਲਾ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ, ਪੁਲਿਸ ਵਲੋਂ ਜਾਂਚ-ਪੜਤਾਲ ਕਰਕੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਸਰਕਾਰੀ ਪ੍ਰਾਇਮਰੀ ਸਕੂਲ ਹਿਆਤਪੁਰਾ ਵਿਚ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਅਧਿਆਪਕ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗ ਰਿਹਾ ਸੀ ਤੇ ਆਪਣੇ ਵਲੋਂ ਹੋਈ ਇਸ ਗਲਤੀ ’ਤੇ ਕਾਫ਼ੀ ਸ਼ਰਮਸਾਰ ਸੀ। ਉਹ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰ ਰਿਹਾ ਸੀ ਕਿ ਉਸ ਤੋਂ ਗਲਤੀ ਹੋਈ ਹੈ, ਇਸ ਵਾਰ ਬਖਸ਼ ਦਿਓ ਤੇ ਜੇਕਰ ਮੁੜ ਅਜਿਹੀ ਹਰਕਤ ਕਰਾਂਗਾ ਤਾਂ ਬੇਸ਼ੱਕ ਗੋਲੀ ਮਾਰ ਦਿਓ।

ਦੂਸਰੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੱਖਿਆ ਵਿਭਾਗ ਵਲੋਂ ਸਕੂਲ ਵਿਚ ਆਪਣੇ ਅਧਿਕਾਰੀ ਭੇਜੇ ਗਏ ।ਜਿੱਥੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਇਹ ਅਧਿਆਪਕ ਸਕੂਲ ’ਚ ਪੜਦੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਉਹ ਸਾਰੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਇਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।