14 ਸਾਲਾ ਪੁੱਤ ਨੇ ਪਿਓ ਦੀ ਗੋਦ ‘ਚ ਤੋੜਿਆ ਦਮ, ਕੁੱਤੇ ਦੇ ਵੱਢਣ ਕਾਰਨ ਫੈਲ ਗਈ ਸੀ ਰੇਬੀਜ਼, ਬੱਚੇ ਦੇ ਮੂੰਹੋਂ ਕੁੱਤੇ ਦੇ ਭੌਂਕਣ ਦੀ ਆਉਣ ਲੱਗ ਪਈ ਸੀ ਆਵਾਜ਼

0
5685

ਉੱਤਰ ਪ੍ਰਦੇਸ਼| ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਕੁਝ ਮਹੀਨੇ ਪਹਿਲਾਂ ਗੁਆਂਢ ‘ਚ ਰਹਿਣ ਵਾਲੀ ਔਰਤ ਦੇ ਕੁੱਤਿਆਂ ਨੇ 14 ਸਾਲ ਦੇ ਬੱਚੇ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਸੀ। ਬੱਚੇ ਨੇ ਡਰ ਦੇ ਮਾਰੇ ਘਰ ਵਿੱਚ ਇਹ ਗੱਲ ਨਹੀਂ ਦੱਸੀ ਅਤੇ ਕੁਝ ਮਹੀਨਿਆਂ ਬਾਅਦ ਰੇਬੀਜ਼ ਦੀ ਲਾਗ ਫੈਲਣ ਕਾਰਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਬੱਚੇ ਦੇ ਦਾਦੇ ਅਨੁਸਾਰ ਕੁੱਤੇ ਨੇ ਕੁਝ ਮਹੀਨੇ ਪਹਿਲਾਂ ਬੱਚੇ ਨੂੰ ਵੱਢ ਲਿਆ ਸੀ ਪਰ ਡਰ ਕਾਰਨ ਉਸ ਨੇ ਘਰ ਵਿੱਚ ਇਹ ਗੱਲ ਨਹੀਂ ਦੱਸੀ ਅਤੇ ਹੌਲੀ-ਹੌਲੀ ਉਸ ਦੀ ਸਿਹਤ ਵਿਗੜਨ ਲੱਗੀ। ਬੱਚੇ ਦੀਆਂ ਹਰਕਤਾਂ ਨੂੰ ਦੇਖਦਿਆਂ ਜਦੋਂ ਉਨ੍ਹਾਂ ਹੋਰ ਬੱਚਿਆਂ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਇਲਾਕੇ ਦੇ ਕੁੱਤੇ ਨੇ ਵੱਢ ਲਿਆ ਸੀ, ਜਿਸ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਜ਼ਿਲ੍ਹੇ ਦੇ ਹੋਰ ਕਈ ਹਸਪਤਾਲਾਂ ‘ਚ ਲਿਜਾਇਆ ਗਿਆ, ਪਰ ਬੱਚੇ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ |

ਮੰਗਲਵਾਰ ਸ਼ਾਮ ਨੂੰ ਬੱਚੇ ਨੇ ਐਂਬੂਲੈਂਸ ‘ਚ ਹੀ ਪਿਤਾ ਦੀ ਗੋਦ ‘ਚ ਤੜਫ-ਤੜਫ ਕੇ ਦਮ ਤੋੜ ਦਿੱਤਾ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।

14 ਸਾਲਾ ਸ਼ਾਹਵੇਜ਼ 8ਵੀਂ ਜਮਾਤ ‘ਚ ਪੜ੍ਹਦਾ ਸੀ। ਪਿਤਾ ਯਾਕੂਬ ਨੇ ਦੱਸਿਆ ਕਿ ਡੇਢ ਮਹੀਨੇ ਪਹਿਲਾਂ ਸ਼ਾਹਵੇਜ਼ ਨੂੰ ਕੁੱਤੇ ਨੇ ਵੱਢ ਲਿਆ ਸੀ। ਪਰ ਉਸਨੇ ਇਹ ਗੱਲ ਘਰੇ ਨਹੀਂ ਦੱਸੀ। 1 ਸਤੰਬਰ ਨੂੰ ਸ਼ਾਹਵੇਜ਼ ਨੂੰ ਪਾਣੀ ਤੋਂ ਡਰ ਲੱਗਣ ਲੱਗਾ। ਅਜੀਬ ਕੰਮ ਕਰਦਾ ਸੀ। ਕਈ ਵਾਰ ਉਸ ਦੇ ਮੂੰਹੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਵੀ ਆਉਣ ਲੱਗ ਜਾਂਦੀ ਸੀ।

ਇਸ ਤੋਂ ਬਾਅਦ ਜਦੋਂ ਸਥਾਨਕ ਡਾਕਟਰ ਨੂੰ ਦਿਖਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਰੇਬੀਜ਼ ਦੇ ਲੱਛਣ ਹਨ। ਡਾਕਟਰ ਨੇ ਉਸ ਨੂੰ ਦਿੱਲੀ ਦੇ ਕਿਸੇ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਬੱਚੇ ਨੂੰ ਏਮਜ਼ ਸਮੇਤ ਕਈ ਹਸਪਤਾਲਾਂ ‘ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਲਾਇਲਾਜ ਦੱਸ ਕੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।