ਚੰਡੀਗੜ੍ਹ . ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ ਮੱਖਣ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਅਰੋਪੀਆਂ ਤੋਂ ਪੁਲਿਸ ਨੇ 2 ਅਤਿ-ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਜਿਸ ਵਿੱਚ ਇੱਕ ਐਮਪੀ5 ਸਬ-ਮਸ਼ੀਨ ਗੰਨ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਈਟੀਓਸ ਕਾਰ (ਪੀਬੀ-11-ਬੀਕਯੂ 9994), 4 ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਸ਼ਾਮਲ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਵਾਂ ਨੇ ਖੁਲਾਸਾ ਕੀਤਾ ਕਿ ਕੈਨੇਡਾ ਰਹਿੰਦੇ ਹਰਪ੍ਰੀਤ ਸਿੰਘ ਨੇ ਤਕਰੀਬਨ 2 ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦ ਦੀ ਸਥਿਤੀ ਬਣਾਉਣ ਲਈ ਉਕਸਾਇਆ। ਤਫ਼ਤੀਸ਼ ਦੌਰਾਨ ਦਿੱਤੇ ਬਿਆਨਾਂ ਅਨੁਸਾਰ, ਹਰਪ੍ਰੀਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦਾ ਕਾਰਕੁੰਨ ਹੈ ਜੋ ਅਕਸਰ ਪਾਕਿਸਤਾਨ ਜਾਂਦਾ ਰਹਿੰਦਾ ਹੈ ਅਤੇ ਪਾਕਿ ਅਧਾਰਤ ਕੇਜ਼ੈਡਐਫ ਦੇ ਮੁੱਖੀ ਰਣਜੀਤ ਸਿੰਘ ਉਰਫ਼ ਨੀਟਾ ਦਾ ਕਰੀਬੀ ਸਾਥੀ ਹੈ।
ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਦੱਸਿਆ ਕਿ ਉਪਰੋਕਤ ਹਥਿਆਰ ਅਤੇ ਅਸਲਾ ਉਨ੍ਹਾਂ ਨੂੰ ਨੀਟਾ ਨੇ ਆਪਣੇ ਅਣਪਛਾਤੇ ਕਾਰਕੁਨਾਂ ਰਾਹੀਂ ਸਪਲਾਈ ਕੀਤਾ ਹੈ। ਇਸ ਮੌਡਿਊਲ ਵਿਚ ਸ਼ਾਮਲ ਕੁੱਝ ਹੋਰ ਵਿਦੇਸ਼ੀ ਅੱਤਵਾਦੀਆਂ, ਜਿਨਾਂ ਦਾ ਅਮਰੀਕਾ ਤੇ ਜਰਮਨੀ ਨਾਲ ਸਬੰਧ ਹੋਣ ਬਾਰੇ ਸ਼ੰਕਾ ਹੈ ਬਾਰੇ ਗੁਪਤਾ ਨੇ ਦੱਸਿਆ ਕਿ ਇਹ ਲੋਕ ਵਿਦੇਸ਼ੀ ਫੰਡਾਂ ਵਜੋਂ ਮਨੀ ਟ੍ਰਾਂਸਫਰ ਸੇਵਾਵਾਂ ਜਿਵੇਂ ਕਿ ਵੈਸਟਰਨ ਯੂਨੀਅਨ ਅਤੇ ਹੋਰ ਕਈ ਚੈਨਲਾਂ ਰਾਹੀਂ ਪੈਸਾ ਅਮਲੀ ਨੂੰ ਟ੍ਰਾਂਸਫਰ ਕਰ ਰਹੇ ਸਨ।
ਡੀਜੀਪੀ ਨੇ ਅੱਗੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ਼ ਅਮਲੀ ਇਕ ਕੱਟੜਪੰਥੀ ਖਾਲਿਸਤਾਨ ਪੱਖੀ ਹੈ ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਅੱਤਵਾਦ ਨਾਲ ਸਬੰਧਤ ਵੱਖ-ਵੱਖ ਅਪਰਾਧਾਂ ਵਿਚ ਗ੍ਰਿਫ਼ਤਾਰ ਕੀਤਾ ਸੀ। ਅਮਲੀ ਪਾਕਿਸਤਾਨ ਵਿੱਚੋਂ ਵੀ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਅਤੇ 1980 ਅਤੇ 1990 ਦੇ ਦਹਾਕਿਆਂ ਦੌਰਾਨ ਅਮਰੀਕਾ ਵਿਚ ਵੀ ਰਿਹਾ ਹੈ। ਉਹ ਪਾਕਿ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਵਧਾਵਾ ਸਿੰਘ ਬੱਬਰ ਨਾਲ ਨੇੜਿਓਂ ਜੁੜਿਆ ਰਿਹਾ ਹੈ ਅਤੇ 14 ਸਾਲਾਂ ਤੱਕ ਉਸ ਨਾਲ ਪਾਕਿਸਤਾਨ ਵਿੱਚ ਰਿਹਾ।








































