ਸਿਲੰਡਰ ਫਟਣ ਨਾਲ ਭਿਆਨਕ ਅੱਗ, 4 ਬੱਚੀਆਂ ਜਿਊਂਦੇ ਸੜੀਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ‘ਚ ਪਾਣੀ ਘੱਟ ਹੋਣ ਕਾਰਨ ਵਿਗੜੇ ਹੋਰ ਹਾਲਾਤ

0
235

ਉਤਰਾਖੰਡ| ਉਤਰਾਖੰਡ ਦੇ ਚਕਾਰਤਾ ਵਿਚ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਦੂਰ ਦੇ ਇਲਾਕੇ ਤਿਊਣੀ ਵਿਚ ਇਕ ਮਕਾਨ ਵਿਚ ਭਿਆਨਕ ਅੱਗ ਲੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਦੋ ਮੰਜ਼ਿਲਾ ਮਕਾਨ ਵਿਚ ਗੈਸ ਸਿਲੰਡਰ ਫਟਣ ਨਾਲ ਇਹ ਅੱਗ ਲੱਗੀ। ਹੈਰਾਨੀ ਦੀ ਗੱਲ ਹੈ ਕਿ ਫਾਇਰ ਬ੍ਰਿਗੇਡ ਦੀਆਂ ਜੋ ਗੱਡੀਆਂ ਅੱਗ ਬੁਝਾਉਣ ਮੌਕੇ ‘ਤੇ ਪਹੁੰਚੀਆਂ, ਉਸ ਦੇ ਟੈਂਕਰ ਵਿਚ ਪਾਣੀ ਵੀ ਘੱਟ ਸੀ ਜਿਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ।

ਹਾਦਸੇ ਵਿਚ ਢਾਈ ਸਾਲ ਦੀ ਅਧਿਰਾ, ਸਾਢੇ ਪੰਜ ਸਾਲਾ ਸੌਜਲ ਤੇ 9-9 ਸਾਲ ਦੀ ਸਮ੍ਰਿਧੀ ਤੇ ਸੋਨਮ ਦੀ ਜਾਨ ਚਲੀ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਫਾਇਰ ਬ੍ਰਿਗੇਡ ਤੋਂ ਇਲਾਵਾ ਮੌਕੇ ‘ਤੇ ਤਿਊਣੀ, ਮੋਰੀ ਤੇ ਹਿਮਾਚਲ ਪ੍ਰਦੇਸ਼ ਤੋਂ ਪੁਲਿਸ ਬਲ ਪਹੁੰਚ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਕਾਨ ਲੱਕੜੀ ਦਾ ਬਣਿਆ ਹੋਇਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਵਾਹਨਾਂ ਦੇ ਪਹੁੰਚਣ ਤੱਕ ਅੱਗ ਕਾਫੀ ਭਿਆਨਕ ਹੋ ਗਈ ਸੀ।

ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਘਰ ਵਿਚ ਧੂੰਆਂ ਭਰ ਜਾਣ ਕਾਰਨ ਫਾਇਰ ਸਰਵਿਸ, SDRF ਤੇ ਪੁਲਿਸ ਨੂੰ ਰਾਹਤ ਤੇ ਬਚਾਅ ਕੰਮ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਪ੍ਰਸ਼ਾਸਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ।