ਬਰਨਾਲਾ/ਮਹਿਲ ਕਲਾਂ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ 2 ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਨਾਲ ਚਾਲਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (24) ਪੁੱਤਰ ਮਲਕੀਤ ਸਿੰਘ ਵਾਸੀ ਰਣਜੀਤ ਨਗਰ ਖੁੱਡੀ ਰੋਡ ਬਰਨਾਲਾ ਜੋ ਕਿ ਆਪਣੀ ਪਤਨੀ ਤੁਲਸਾ ਰਾਣੀ, ਬੇਟੀ ਹੁਸਨਪ੍ਰੀਤ ਕੌਰ ਸੱਤ ਸਾਲ ਅਤੇ ਛੋਟੀ ਬੱਚੀ ਗੁਰਕੀਰਤ ਕੌਰ ਦੋ ਸਾਲ ਨਾਲ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਨਾਲਾ ਤੋਂ ਪਿੰਡ ਸਹਿਜੜਾ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਰਾਤ ਅੱਠ ਵਜੇ ਦੇ ਕਰੀਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਠੀਕਰੀਵਾਲਾ ਕੋਲ ਪੁੱਜੇ।
ਅੱਗਿਓਂ ਪਿੰਡ ਕਲਾਲਾ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਮਨਪ੍ਰੀਤ ਸਿੰਘ (25) ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਸਾਥੀ ਹਰਮਨਜੋਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਲਾਲਾਂ ਦੇ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟਕਰਾਉਣ ਨਾਲ ਦੋਵੇਂ ਮੋਟਰਸਾਈਕਲ ਚਾਲਕਾਂ ਬਲਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਬਲਵਿੰਦਰ ਸਿੰਘ ਦੀ ਪਤਨੀ ਤੁਲਸਾ ਰਾਣੀ, ਬੱਚੀ ਹੁਸਨਪ੍ਰੀਤ ਕੌਰ ਸੱਤ ਸਾਲ ਅਤੇ ਛੋਟੀ ਬੱਚੀ ਗੁਰਕੀਰਤ ਕੌਰ ਦੋ ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਜਿਥੋਂ ਉਨ੍ਹਾਂ ਨੂੰ ਫ਼ਰੀਦਕੋਟ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਦੂਜੇ ਪਾਸੇ ਥਾਣਾ ਬਰਨਾਲਾ ਦੀ ਪੁਲਿਸ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।