ਅੰਮ੍ਰਿਤਸਰ/ਬਿਆਸ/ਜਲੰਧਰ, 25 ਦਸੰਬਰ | ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਵੱਡਾ ਸੜਕ ਹਾਦਸਾ ਵਾਪਰਿਆ। ਇਥੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮੈਂਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈਓਵਰ ਤੋਂ 40 ਫੁੱਟ ਹੇਠਾਂ ਜਾ ਡਿੱਗਾ। ਟਰੱਕ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਉਥੇ ਹੀ ਮੁੱਖ ਸੜਕ ਉੱਤੇ ਕਰੀਬ 9 ਹੋਰ ਵਾਹਨਾਂ ਦੀ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸ ‘ਚ ਕਰੀਬ 3 ਪੁਆਇੰਟਾਂ ਉਤੇ ਵੱਖ-ਵੱਖ ਥਾਵਾਂ ‘ਤੇ ਹੋਇਆ ਜਿਥੇ ਇਕ ਤੋਂ ਬਾਅਦ ਇਕ ਜਗ੍ਹਾ ‘ਤੇ 2-3 ਗੱਡੀਆਂ ਦੀ ਟੱਕਰ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਅਤੇ ਥਾਣਾ ਬਿਆਸ ਮੁਖੀ SHO ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ। ਉਨ੍ਹਾਂ ਵੱਲੋਂ ਕ੍ਰੇਨ ਮੰਗਵਾ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਭਿਆਨਕ ਹਾਦਸੇ ਦਾ ਕਾਰਨ ਗੱਡੀਆਂ ਦੀ ਤੇਜ਼ ਰਫਤਾਰ ਮੰਨੀ ਜਾ ਰਹੀ ਹੈ। ਮੋਗਾ ਦੇ ਕੋਟੀਸੇਖਾ ਰੋਡ ‘ਤੇ ਪਿੰਡ ਲੋਹਾਰਾ ਨੇੜੇ ਵੀ ਧੁੰਦ ਕਾਰਨ ਹਾਦਸਾ ਵਾਪਰਿਆ। 4 ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਪਹਿਲਾਂ ਇਕ ਟਰਾਲੀ ਅਤੇ ਬਲੈਰੋ ਦੀ ਟੱਕਰ ਹੋਈ ਅਤੇ ਫਿਰ ਪਿੱਛੇ ਆ ਰਹੀਆਂ 2 ਇਨੋਵਾ ਕਾਰਾਂ ਆਪਸ ਵਿਚ ਟਕਰਾਅ ਗਈਆਂ।

ਇਸ ਹਾਦਸੇ ਵਿਚ ਬਲੈਰੋ ਸਵਾਰ 2 ਜ਼ਖ਼ਮੀ ਹੋ ਗਏ। ਬਿਆਸ ਨੇੜੇ ਵੀ ਧੁੰਦ ਕਾਰਨ ਕਈ ਗੱਡੀਆਂ ਆਪਸ ਵਿਚ ਟਕਰਾਈਆਂ। ਇਸ ਦੌਰਾਨ ਭਾਰੀ ਜਾਮ ਲੱਗ ਗਿਆ ਤੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।




































