ਅਬੋਹਰ, 24 ਅਕਤੂਬਰ | ਵੀਰਵਾਰ ਸਵੇਰੇ ਇਕ ਟਰੈਕਟਰ ਟਰਾਲੀ ਅਤੇ ਕੈਂਟਰ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ ਝੋਨੇ ਨਾਲ ਲੱਦੀ ਟਰੈਕਟਰ ਟਰਾਲੀ ਪਲਟ ਗਈ ਅਤੇ ਟਰੈਕਟਰ ‘ਤੇ ਸਵਾਰ ਨੌਜਵਾਨ ਦੀ ਮੌਤ ਹੋ ਗਈ। ਥਾਣਾ ਕਬਰਵਾਲਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਮਾਮੇ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਕਰੀਬ 6-7 ਮਹੀਨੇ ਦੀ ਇੱਕ ਬੱਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਰਣਜੀਤ ਸਿੰਘ ਵਾਸੀ ਢਾਣੀ ਬੱਲੂਆਣਾ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵੀਰਵਾਰ ਸਵੇਰੇ ਆਪਣੇ ਚਾਚੇ ਦੇ ਲੜਕੇ ਜੱਗੀ ਨਾਲ ਝੋਨੇ ਦੀ ਫ਼ਸਲ ਲੈ ਕੇ ਮਲੋਟ ਮੰਡੀ ਜਾ ਰਿਹਾ ਸੀ। ਜਦੋਂ ਉਹ ਅਬੋਹਰ-ਮਲੋਟ ਰੋਡ ’ਤੇ ਪਿੰਡ ਕੱਟਿਆਂਵਾਲੀ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਉਸ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ।
ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਰਣਜੀਤ ਸਿੰਘ ਟਰੈਕਟਰ ਦੇ ਟਾਇਰ ਹੇਠ ਦੱਬ ਕੇ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਥਾਣਾ ਕਬਰਵਾਲਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਨਾਲ ਟਰੈਕਟਰ ’ਤੇ ਸਵਾਰ ਜੱਗੀ ਦੇ ਬਿਆਨ ਦਰਜ ਕਰ ਕੇ ਕੈਂਟਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।