ਤੇਲੰਗਾਨਾ : ਡਾਕਟਰਾਂ ਨੇ ਡਲਿਵਰੀ ਦੌਰਾਨ ਪੇਟ ‘ਚ ਛੱਡਿਆ ਕੱਪੜਾ, ਸਾਲ ਭਰ ਤੜਫਦੀ ਰਹੀ ਔਰਤ, ਦੁਬਾਰਾ ਆਪ੍ਰੇਸ਼ਨ ਕਰਕੇ ਕੱਢਿਆ

0
394

ਤੇਲੰਗਾਨਾ | ਇਥੋਂ ਦੇ ਵੇਮੁਲਾਵਾੜਾ ਵਿਚ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇਥੇ ਰਹਿਣ ਵਾਲੀ ਇੱਕ ਔਰਤ ਦੇ ਢਿੱਡ ਵਿਚੋਂ ਡਾਕਟਰਾਂ ਨੇ ਸਰਜਰੀ ਕਰਕੇ ਇਕ ਰੁਮਾਲ ਕੱਢਿਆ ਹੈ, ਜੋ ਕਿ ਇਕ ਸਾਲ ਪਹਿਲਾਂ ਬੱਚੇ ਦੀ ਸੀਜ਼ੇਰੀਅਨ ਡਲਿਵਰੀ ਦੌਰਾਨ ਡਾਕਟਰਾਂ ਨੇ ਉਸ ਦੇ ਢਿੱਡ ਵਿਚ ਹੀ ਛੱਡ ਦਿੱਤਾ ਸੀ। ਪੀੜਤਾ ਨਵਿਆ ਸ਼੍ਰੀ ਦੀ ਜਗਤਿਆਲ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਡਲਿਵਰੀ ਹੋਈ ਸੀ। ਇਸ ਤੋਂ ਬਾਅਦ ਔਰਤ ਨੂੰ ਲਗਾਤਾਰ ਪੇਟ ਦਰਦ ਹੋਣ ਲੱਗਾ।

ਜਦੋਂ ਉਸਨੇ ਇੱਕ ਨਿੱਜੀ ਹਸਪਤਾਲ ਵਿਚ CT ਸਕੈਨ ਕਰਵਾਇਆ ਤਾਂ ਉਸਦੇ ਪੇਟ ਵਿਚ ਇੱਕ ਕੱਪੜਾ ਦਿਸਿਆ, ਜਿਸ ਨੂੰ ਸਰਜਰੀ ਰਾਹੀਂ ਬਾਹਰ ਕੱਢਿਆ ਗਿਆ ਹੈ। ਨਵਿਆ ਸ਼੍ਰੀ ਨੇ ਆਪਣੀ ਸਰਜਰੀ ਦੀਆਂ ਵੀਡੀਓ ਅਤੇ ਫੋਟੋਆਂ ਮੀਡੀਆ ਨਾਲ ਸ਼ੇਅਰ ਕੀਤੀਆਂ ਹਨ।
ਵੇਮੁਲਾਵਾੜਾ ਦੀ ਰਹਿਣ ਵਾਲੀ ਨਵਿਆ ਸ਼੍ਰੀ ਨੂੰ 28 ਦਸੰਬਰ 2021 ਨੂੰ ਜਗਤਿਆਲ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਇਕ ਦਿਨ ਬਾਅਦ ਨਵਿਆ ਨੇ ਸੀ-ਸੈਕਸ਼ਨ ਸਰਜਰੀ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਸਰਜਰੀ ਤੋਂ ਬਾਅਦ ਉਸ ਨੂੰ ਪਾਚਨ, ਟਾਇਲਟ ਅਤੇ ਲਗਾਤਾਰ ਪੇਟ ਦਰਦ ਦੀ ਸਮੱਸਿਆ ਹੋਣ ਲੱਗੀ। ਇਕ ਸਾਲ ਤੱਕ ਲਗਾਤਾਰ ਇਸ ਦਰਦ ਨਾਲ ਜੂਝਣ ਤੋਂ ਬਾਅਦ ਨਵਿਆ ਸ਼੍ਰੀ ਨੇ ਇੱਕ ਨਿੱਜੀ ਹਸਪਤਾਲ ਵਿੱਚ ਟੈਸਟ ਕਰਵਾਇਆ।

ਜਗਤਿਆਲ ਹਸਪਤਾਲ ਦੇ ਇੰਚਾਰਜ ਡਾਕਟਰ ਸ਼ਸ਼ੀਕਾਂਤ ਨੇ ਕਿਹਾ, ‘ਸਾਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਇਸ ਬਾਰੇ ਸਾਨੂੰ ਮੀਡੀਆ ਤੋਂ ਪਤਾ ਲੱਗਾ। ਸ਼ਿਕਾਇਤਕਰਤਾ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਨਵਿਆ ਸ਼੍ਰੀ ਹਸਪਤਾਲ ‘ਚ ਡਲਿਵਰੀ ਲਈ ਆਈ ਸੀ। ਹਾਲਾਂਕਿ ਉਸ ਨੇ ਸਰਜਰੀ ਤੋਂ ਬਾਅਦ ਕਿਸੇ ਵੀ ਪੇਚੀਦਗੀ ਦੀ ਰਿਪੋਰਟ ਨਹੀਂ ਕੀਤੀ।

ਨਵਿਆ ਨੇ ਮੀਡੀਆ ਨੂੰ ਦੱਸਿਆ, “ਮੈਨੂੰ ਇੱਕ ਸਾਲ ਤੋਂ ਪੇਟ ਦਰਦ ਸੀ। ਜਦੋਂ ਮੈਂ ਸੀਟੀ ਸਕੈਨ ਕਰਵਾਇਆ ਤਾਂ ਡਾਕਟਰਾਂ ਨੇ ਟਿਊਮਰ ਵਰਗੀ ਸੋਜ ਪਾਈ। ਮੈਨੂੰ ਆਪਰੇਸ਼ਨ ਕਰਨ ਲਈ ਕਿਹਾ ਗਿਆ। ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਮੇਰੇ ਢਿੱਡ ਵਿੱਚੋਂ ਕੱਪੜਾ ਕੱਢਿਆ। ਇਸ ਕਾਰਨ ਢਿੱਡ ‘ਚ ਇਨਫੈਕਸ਼ਨ ਹੋ ਗਈ ਸੀ। ਨਵਿਆ ਨੇ ਸਰਜਰੀ ਦੇ ਵਿਜ਼ੂਅਲਸ ਅਤੇ ਕੱਪੜਾ ਵੀ ਸ਼ੇਅਰ ਕੀਤਾ ਹੈ।