ਤਰਨਤਾਰਨ | ਨਿਹੰਗ ਸਿੰਘਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਲਖਬੀਰ ਸਿੰਘ ਟੀਟੂ 6 ਦਿਨ ਪਹਿਲਾਂ ਘਰੋਂ 50 ਰੁਪਏ ਲੈ ਕੇ ਝਬਾਲ ਦੀ ਦਾਣਾ ਮੰਡੀ ‘ਚ ਦਿਹਾੜੀ ਕਰਨ ਗਿਆ ਸੀ। ਇਹ ਗੱਲ ਸ਼ੁੱਕਰਵਾਰ ਨੂੰ ਲਖਬੀਰ ਦੀ ਵੱਡੀ ਭੈਣ ਰਾਜਿੰਦਰ ਕੌਰ ਨੇ ਕਹੀ।
ਰਾਜਿੰਦਰ ਤੇ ਲਖਬੀਰ ਇਕ ਹੀ ਘਰ ‘ਚ ਰਹਿੰਦੇ ਸਨ। ਰਾਜਿੰਦਰ ਨੇ ਦੱਸਿਆ ਕਿ ਭਰਾ ਦੀ ਮੌਤ ਦੀ ਖਬਰ ਸਵੇਰੇ 10 ਵਜੇ ਮਿਲੀ। ਲਖਬੀਰ ਦੇ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਨਸ਼ੇ ਕਾਰਨ ਪ੍ਰੇਸ਼ਾਨ ਸੀ।
ਦੂਜੇ ਪਾਸੇ ਰਾਜਿੰਦਰ ਦਾ ਕਹਿਣਾ ਹੈ ਕਿ ਲਖਬੀਰ ਕਦੇ-ਕਦੇ ਸ਼ਰਾਬ ਪੀ ਲੈਂਦਾ ਸੀ ਪਰ ਉਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਜਿਸ ਤਰ੍ਹਾਂ ਉਸ ਦੀ ਹੱਤਿਆ ਕੀਤੀ ਗਈ, ਉਸ ਤੋਂ ਸਾਫ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਕਰਵਾਇਆ ਗਿਆ ਕਤਲ ਹੈ।
ਰਾਜਿੰਦਰ ਕੌਰ ਨੇ ਦੱਸਿਆ ਕਿ ਲਖਬੀਰ ਕਈ ਵਾਰ 7-8 ਦਿਨਾਂ ਤੱਕ ਬਾਹਰ ਰਹਿੰਦਾ ਸੀ। ਇਸ ਲਈ ਉਹ ਬੇਫਿਕਰ ਸੀ ਕਿ ਲਖਬੀਰ ਆ ਜਾਵੇਗਾ। ਇਸ ਕਰਕੇ ਉਨ੍ਹਾਂ ਨੇ ਤਲਾਸ਼ ਵੀ ਨਹੀਂ ਕੀਤੀ।
ਭੈਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਭਰਾ ਨੂੰ ਫੁੱਫੜ ਨੇ ਗੋਦ ਲਿਆ ਸੀ। ਉਹ ਫੁੱਫੜ ਦੇ ਘਰ ਹੀ ਰਹਿੰਦੇ ਸਨ। ਫੁੱਫੜ ਤੇ ਭੂਆ ਦੀ ਮੌਤ ਹੋ ਚੁੱਕੀ ਹੈ।
ਲਖਬੀਰ ਦੀ ਪਤਨੀ ਜਸਪ੍ਰੀਤ ਕੌਰ 6 ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ। ਲਖਬੀਰ ਦੀਆਂ 3 ਨਾਬਾਲਗ ਬੇਟੀਆਂ ਤਾਨੀਆ (14), ਸੰਦੀਪ ਕੌਰ (11) ਤੇ ਕੁਲਦੀਪ ਕੌਰ (9) ਮਾਂ ਨਾਲ ਰਹਿੰਦੀਆਂ ਹਨ, ਜੋ 9ਵੀਂ, 7ਵੀਂ ਤੇ 5ਵੀਂ ‘ਚ ਪੜ੍ਹਦੀਆਂ ਹਨ।