ਤਰਨਤਾਰਨ, 26 ਦਸੰਬਰ | ਇਥੋਂ ਦੇ ਕਸਬਾ ਫਤਿਆਬਾਦ ਦੀ ਸਬਜ਼ੀ ਮੰਡੀ ‘ਚ ਮਟਰ ਵੇਚਣ ਆਏ ਕਿਸਾਨ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆ ਗੋਲੀਆਂ ਨਾਲ ਮੰਡੀ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ‘ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਤੇ ਪੁਲਿਸ ਚੌਕੀ ਫਤਿਆਬਾਦ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਕਿਸਾਨ ਰਣਜੀਤ ਸਿੰਘ ਸਪੁੱਤਰ ਸੰਪੂਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਰੋਹਿਨਪ੍ਰੀਤ ਸਿੰਘ ਨਾਲ ਮਟਰ ਵੇਚਣ ਲਈ ਫਤਿਆਬਾਦ ਮੰਡੀ ਆਏ ਸਨ ਜਦੋਂ ਉਹ ਮਟਰ ਵੇਚ ਕੇ ਆਪਣੇ ਟ੍ਰੈਕਟਰ ‘ਤੇ ਬੈਠਣ ਲੱਗੇ ਤਾਂ ਪਹਿਲਾਂ ਤੋਂ ਮੋਟਰਸਾਈਕਲ ਸਵਾਰ ਉਡੀਕ ਰਹੇ ਸਨ। ਅਣਪਛਾਤਿਆਂ ਵੱਲੋਂ ਗੋਲੀ ਚਲਾ ਦਿੱਤੀ ਗਈ ਪਰ ਉਹ ਵਾਲ-ਵਾਲ ਬਚ ਗਏ। ਮੌਕੇ ‘ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਕ ਗੋਲੀ ਦਾ ਖੋਲ ਮਿਲਿਆ ਹੈ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।