ਤਰਨਤਾਰਨ, 28 ਅਕਤੂਬਰ | ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ ‘ਤੇ ਪਿੰਡ ਖਵਾਸਪੁਰ ਦੇ ਕਾਂਗਰਸੀ ਸਰਪੰਚ ਖਿਲਾਫ ਪੰਚਾਇਤੀ ਫੰਡ ‘ਚ ਪੈਸੇ ਦੀ ਗੜਬੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਖਾਸ ਮੰਨੇ ਜਾਂਦੇ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਵੱਲੋਂ ਪਿੰਡ ਵਿਚ ਵਿਕਾਸ ਕਾਰਜਾਂ ਲਈ ਲਿਆਂਦੀ ਗਈ ਗਰਾਂਟ ਵਿਚ ਵੱਡੇ ਪੱਧਰ ’ਤੇ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਸੀ।
ਪਿੰਡ ਖਵਾਸਪੁਰ ਦੇ ਕੰਵਲਜੀਤ ਸਿੰਘ ਸੰਧੂ ਦੀ ਸ਼ਿਕਾਇਤ ’ਤੇ ਜਾਂਚ ਵਿਚ ਸਾਹਮਣੇ ਆਇਆ ਕਿ ਸਰਪੰਚ ਜਗਰੂਪ ਸਿੰਘ ਨੂੰ ਗਈ ਗਰਾਂਟ ਵਿਚ 12 ਲੱਖ 42 ਹਜ਼ਾਰ 371 ਰੁਪਏ ਦਾ ਗਬਨ ਹੋਇਆ ਹੈ, ਜਿਸ ਦੀ ਜਾਂਚ ਬਲਾਕ ਵਿਕਾਸ ਪੰਚਾਇਤ ਅਫ਼ਸਰ ਖਡੂਰ ਸਾਹਿਬ ਵੱਲੋਂ ਕੀਤੀ ਗਈ ਸੀ। ਇਸ ਧੋਖਾਧੜੀ ਲਈ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਸ ਮਾਮਲੇ ਵਿਚ ਪੰਚਾਇਤ ਅਫ਼ਸਰ ਖਡੂਰ ਸਾਹਿਬ ਨੇ ਸਰਪੰਚ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਗੋਇੰਦਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਥਾਣਾ ਸਦਰ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਰਪੰਚ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।