ਤਰਨਤਾਰਨ। ਬੀਤੇ ਦਿਨੀਂ ਪਿੰਡ ਸਿੱਧਵਾਂ ਵਿਖੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਹੋਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਾਲੀ ਜਗ੍ਹਾ ਵਿੱਚ ਖਿਲਾਰ ਦਿੱਤੇ ਗਏ ਸਨ। ਗੁਟਕਾ ਸਾਹਿਬ ਦੇ ਅੰਗ ਮਿਲਣ ਤੋਂ ਬਾਅਦ ਸਿੱਖ ਸੰਗਤਾਂ ਵਿਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਸੀ। ਥਾਣਾ ਖਾਲੜਾ ਪੁਲਿਸ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਗੁਰਦੁਆਰਾ ਧੰਨ-ਧੰਨ ਭਾਈ ਜੇਠਾ ਸਾਹਿਬ ਜੀ ਦੇ ਸਾਹਮਣੇ ਗਰਾਊਂਡ ਵਿਚ ਪਾੜ ਕੇ ਖਿਲਾਰ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਥਾਣਾ ਖਾਲੜਾ ਪੁਲਿਸ ਵੱਲੋਂ 295-ਏ ਬੇਅਦਬੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਜਸਕਰਨ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਲੱਧੂਵਾਲਾ ਤਾੜ ਥਾਣਾ ਵੈਰੋਕੇ ਜ਼ਿਲ੍ਹਾ ਫ਼ਾਜ਼ਿਲਕਾ ਜੋ ਕਿ ਆਪਣੇ ਪਰਿਵਾਰ ਸਮੇਤ ਪਿਛਲੇ ਚਾਰ ਪੰਜ ਮਹੀਨੇ ਤੋਂ ਗੁਰਦੁਆਰਾ ਧੰਨ-ਧੰਨ ਭਾਈ ਜੇਠਾ ਜੀ ਵਿਖੇ ਰਹਿ ਰਿਹਾ ਸੀ, ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ‘ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਕਤ ਵਿਅਕਤੀ ਨੇ ਮੰਨਿਆ ਕਿ ਉਹ ਵੀ ਇੱਕ ਅੰਮ੍ਰਿਤਧਾਰੀ ਸਿੰਘ ਹੈ ਅਤੇ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਨਹੀਂ ਸੀ ਆਉਂਦਾ, ਜਿਸ ਕਰਕੇ ਤਹਿਸ਼ ਵਿਚ ਆ ਕੇ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਹੋਏ ਉਸ ਦੇ ਅੰਗ ਪਾੜ ਕੇ ਗਰਾਊਂਡ ਵਿਚ ਖਿਲਾਰੇ ਸਨ। ਐਸਐਚਓ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ, ਜਿਸ ਨੂੰ ਅੱਜ ਪੱਟੀ ਦੀ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।