ਭਿੱਖੀਵਿੰਡ-ਅੰਮ੍ਰਿਤਸਰ ਹਾਈਵੇ ‘ਤੇ ਰੌਂਗ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ-ਪੁੱਤ ਦੀ ਮੌਤ

0
986

ਪੁਰਾਣਾ ਡਰਾਈਵਰ ਛੁੱਟੀ ‘ਤੇ ਹੋਣ ਕਾਰਨ ਨਵਾਂ ਚਾਲਕ ਪਹਿਲੀ ਵਾਰ ਆਇਆ ਸੀ ਇਸ ਰੂਟ ‘ਤੇ

ਭਿੱਖੀਵਿੰਡ/ਤਰਨਤਾਰਨ | ਅੰਮ੍ਰਿਤਸਰ ਹਾਈਵੇ ‘ਤੇ ਪੈਟਰੋਲ ਪੰਪ ਦੇ ਸਾਹਮਣੇ ਪਿੰਡ ਸਿੰਘਪੁਰਾ ਨੇੜੇ ਸਕੂਲ ਬੱਸ ਤੇ ਐਕਟਿਵਾ ਦਰਮਿਆਨ ਵਾਪਰੇ ਹਾਦਸੇ ‘ਚ ਸਕੂਟਰੀ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ। ਹਾਦਸੇ ਦੌਰਾਨ ਬੱਸ ‘ਚ ਬੱਚੇ ਨਹੀਂ ਸਨ।

ਥਾਣਾ ਭਿੱਖੀਵਿੰਡ ਅਧੀਨ ਆਉਂਦੀ ਚੌਕੀ ਸੁਰਸਿੰਘ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੱਤਪਾਲ ਨੇ ਦੱਸਿਆ ਕਿ ਬਾਅਦ ਦੁਪਹਿਰ ਅੰਮ੍ਰਿਤਸਰ ਵੱਲੋਂ ਸਕੂਲ ਬੱਸ ਨੰਬਰ ਪੀਬੀ 46 M 3147 ਭਿੱਖੀਵਿੰਡ ਨੂੰ ਜਾ ਰਹੀ ਸੀ, ਅੱਗਿਓਂ ਰਾਜਵਿੰਦਰ ਕੌਰ ਵਾਸੀ ਪਿੰਡ ਬਹਾਦਰ ਨਗਰ ਆਪਣੇ ਬੇਟੇ ਅਰਸ਼ਦੀਪ ਸਿੰਘ (7) ਨਾਲ ਐਕਟਿਵਾ ਨੰਬਰ ਪੀਬੀ 38-7144 ’ਤੇ ਕਸਬਾ ਝਬਾਲ ਨੂੰ ਜਾ ਰਹੀ ਸੀ।

ਐਕਟਿਵਾ ਸਵਾਰ ਮਾਂ-ਪੁੱਤ ਜਦੋਂ ਸਿੰਘਪੁਰਾ ਨੇੜੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਦੇ ਡਰਾਈਵਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲਾ ਡਰਾਈਵਰ ਪਹਿਲੀ ਵਾਰ ਇਸ ਰੂਟ ‘ਤੇ ਬੱਸ ਲੈ ਕੇ ਆਇਆ ਸੀ, ਜਦਕਿ ਪੁਰਾਣਾ ਬੱਸ ਚਾਲਕ ਛੁੱਟੀ ‘ਤੇ ਹੋਣ ਕਾਰਨ ਨਹੀਂ ਆਇਆ।

ਚੌਕੀ ਇੰਚਾਰਜ ਸੱਤਪਾਲ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ, ਜਦੋਂ ਕਿ ਬੱਸ ਚਾਲਕ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।