ਸਰਹਾਲੀ ਕਲਾਂ : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਦੀਆਂ ਰਹਿਣ ਵਾਲੀਆਂ ਜੁੜਵਾ ਭੈਣਾਂ ਦੀ ਐਕਟਿਵਾ ਦੀ ਤਰਨਤਾਰਨ ਜਾਂਦਿਆਂ ਪਿੰਡ ਸੇਰੋਂ ਨੇੜੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿਚ ਇਕ ਦੀ ਮੌਤ ਤੇ ਇਕ ਜ਼ਖ਼ਮੀ ਹੋ ਗਈ ਹੈ।
ਘਟਨਾ ਸਥਾਨ ‘ਤੇ ਪਹੁੰਚੇ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਮੁਖੀ ਏਐਸਆਈ ਜਸਪ੍ਰੀਤ ਨੇ ਦੱਸਿਆ ਕਿ 22 ਸਾਲਾ ਸੁਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਪੁੱਤਰੀ ਬੁੱਧ ਸਿੰਘ ਵਾਸੀ ਬਨਵਾਲੀਪੁਰ ਐਕਟਿਵਾ ਪੀਬੀ02ਡੀਏ2981 ‘ਤੇ ਕਿਸੇ ਕੰਮ ਕਾਰਨ ਤਰਨਤਾਰਨ ਜਾ ਰਹੀਆਂ ਸਨ। ਜਦ ਉਹ ਪਿੰਡ ਸੇਰੋਂ ਨੇੜੇ ਪਹੁੰਚੀਆਂ ਤਾਂ ਸਾਹਮਣਿਓਂ ਆ ਰਹੀ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਦੌਰਾਨ ਸੁਮਨਪ੍ਰੀਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਮਨਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਹੋਈ ਲੜਕੀ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚਲ ਰਿਹਾ ਹੈ।
ਟਰੈਕਟਰ ਟਰਾਲੀ ਦਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।