ਤਰਨਤਾਰਨ : ਤੇਜ਼ ਰਫ਼ਤਾਰ ਸਕਾਰਪੀਓ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਸਿਰ ’ਚ ਗੰਭੀਰ ਸੱਟ ਲੱਗਣ ਨਾਲ ਮੌਕੇ ’ਤੇ ਮੌਤ

0
1182

ਤਰਨਤਾਰਨ|  ਤਰਨਤਾਰਨ-ਖਡੂਰ ਸਾਹਿਬ ਮਾਰਗ ’ਤੇ ਸਥਿਤ ਪਿੰਡ ਭੁੱਲਰ ਦੇ ਬੱਸ ਅੱਡੇ ’ਤੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਨੌਜਵਾਨ ਦੇ ਸਿਰ ’ਚ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੂਟਾ ਸਿੰਘ ਪੁੱਤਰ ਗੁਰਾ ਸਿੰਘ ਨਿਵਾਸੀ ਪਿੰਡ ਦੇਊ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੇ ਦਿਨ ਉਸ ਦਾ ਲੜਕਾ ਆਪਣੇ ਸਪਲੈਂਡਰ ਮੋਟਰ ਸਾਈਕਲ ਨੰਬਰ ਪੀਬੀ 46 ਏਐੱਚ 6960 ’ਤੇ ਸਵਾਰ ਹੋ ਕੇ ਤਰਨਤਾਰਨ ਤੋਂ ਵਾਪਸ ਪਿੰਡ ਦੇਊ ਨੂੰ ਜਾ ਰਿਹਾ ਸੀ।

ਜਦੋਂ ਪਿੰਡ ਭੁੱਲਰ ਦੇ ਬੱਸ ਅੱਡੇ ਕੋਲ ਪਹੁੰਚਿਆ ਤਾਂ ਅਚਾਨਕ ਇਕ ਸਕਾਰਪੀਓ ਗੱਡੀ ਜਿਸ ਨੂੰ ਗੁਰਵਿੰਦਰ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ। ਜਿਸ ਕਰਕੇ ਉਸ ਦੇ ਲੜਕੇ ਦੇ ਸਿਰ ’ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉੱਧਰ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਦਾਣਾ ਪੁੱਤਰ ਜਸਵੰਤ ਸਿੰਘ ਨਿਵਾਸੀ ਬਾਠ ਕਲਾਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।