ਤਰਨਤਾਰਨ| ਮਾਮੂਲੀ ਤਕਰਾਰ ਦੇ ਚਲਦਿਆਂ ਘਰ ਵਿਚ ਦਾਖਲ ਹੋ ਕੇ ਮੁਲਜ਼ਮਾਂ ਵਲੋਂ ਕੁੱਟਮਾਰ ਕਰਨ ਉਤੇ ਪੁੱਤ ਨੂੰ ਬਚਾਉਣ ਆਏ ਬਜ਼ੁਰਗ ਦੀ ਜਾਨ ਚਲੀ ਗਈ। ਸਹਿਮੇ ਬਜ਼ੁਰਗ ਦੀ ਦਿਲ ਦੀ ਧੜਕਣ ਵਧ ਗਈ ਤੇ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਟੀ ਤਰਤਾਰਨ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁਲ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ 2 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਸਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਲੇਚੱਕ ਨੇ ਦੱਸਿਆ ਕਿ 27 ਮਈ ਦੀ ਰਾਤ ਨੂੰ 9.30 ਵਜੇ ਮਾਮੂਲੀ ਰੰਜਿਸ਼ ਦੇ ਚੱਲਦਿਆਂ ਉਸਦੇ ਘਰ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਸਵਰਨ ਸਿੰਘ, ਪ੍ਰਭਜੀਤ ਸਿੰਘ ਪੁੱਤਰ ਪੂਰਨ ਸਿੰਘ, ਜਸ਼ਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਸਵਰਨ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਬਾਲੇਚੱਕ ਆਪਣੇ 5 ਅਣਪਛਾਤੇ ਸਾਥੀਆਂ ਨੂੰ ਲੈ ਕੇ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਦਾਖਲ ਹੋ ਗਏ।
ਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਕੁੱਟਮਾਰ ਨੂੰ ਦੇਖਦਿਆਂ ਜਦੋਂ ਉਸਨੂੰ ਬਚਾਉਣ ਲਈ ਉਸਦਾ ਪਿਤਾ ਹਰੀ ਸਿੰਘ (75) ਅੱਗੇ ਆਇਆ ਤਾਂ ਹਮਲਾਵਰਾਂ ਵਲੋਂ ਉਸਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਬਜ਼ੁਰਗ ਦੀ ਵੀ ਕੁੱਟਮਾਰ ਕੀਤੀ ਗਈ। ਇਸੇ ਵਿਚਾਲੇ ਬਜ਼ੁਰਗ ਹਰੀ ਸਿੰਘ ਦੀ ਦਿਲ ਦੀ ਧੜਕਣ ਵਧਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ