ਤਰਨਤਾਰਨ । ਕੌਮੀ ਸ਼ਾਹ ਰਾਹ 54 ’ਤੇ ਪੈਂਦੇ ਪਿੰਡ ਅਲਾਦੀਨਪੁਰ ਦੇ ਫਲਾਈ ਓਵਰ ਹੇਠਾਂ ਫਰੂਟ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਦੇ ਗੋਲੀ ਮਾਰ ਕੇ ਤਿੰਨ ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਘਟਨਾ ਰਾਤ ਸਾਢੇ 10 ਵਜੇ ਦੀ ਦੱਸੀ ਜਾ ਰਹੀ ਹੈ। ਜਖ਼ਮੀ ਨੌਜਵਾਨ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂਕਿ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਲੂਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਚੁਤਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਲੜਕਾ ਅਮਰਪ੍ਰੀਤ ਸਿੰਘ ਪਿੰਡ ਅਲਾਦੀਨਪੁਰ ਵਿਖੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈ ਓਵਰ ਹੇਠਾਂ ਫਰੂਟ ਦੀ ਰੇਹੜੀ ਲਗਾਉਦਾ ਹੈ। ਰਾਤ ਕਰੀਬ ਸਾਢੇ 10 ਵਜੇ ਤਿੰਨ ਅਣਪਛਾਤੇ ਲੋਕ ਆਏ ਜਿਨ੍ਹਾਂ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ।
ਗੋਲੀ ਉਸਦੇ ਮੋਢੇ ’ਤੇ ਲੱਗੀ ਹੈ ਅਤੇ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ ਉੱਪਰ ਪਹੁੰਚੇ ਥਾਣਾ ਸਦਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।