ਕਰ ਲਓ ਗੱਲ : ਕਪੂਰਥਲਾ ਦਾ ASI ਆਪਣਾ ਪਿਸਤੌਲ ਤੇ 10 ਕਾਰਤੂਸ ਹੀ ਗੁਆ ਬੈਠਾ, ਪਰਚਾ ਦਰਜ

0
1356

ਕਪੂਰਥਲਾ, 15 ਅਕਤੂਬਰ | ਕਪੂਰਥਲਾ ਦੇ ਸਿਟੀ ਥਾਣਾ-2 ‘ਚ ਤਾਇਨਾਤ ਇਕ ਏ.ਐੱਸ.ਆਈ ਨੇ ਵਿਭਾਗ ਤੋਂ ਮਿਲੇ ਹਥਿਆਰ ਹੀ ਗੁੰਮ ਕਰ ਦਿੱਤੇ। ਇਸ ਕਾਰਨ ਥਾਣਾ ਸਿਟੀ-1 ਵਿੱਚ ਏ.ਐਸ.ਆਈ ਦੇ ਖ਼ਿਲਾਫ਼ ਧਾਰਾ 409 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਸਿਟੀ ਥਾਣਾ-1 ਵਿੱਚ ਦਰਜ ਐਫਆਈਆਰ ਅਨੁਸਾਰ ਏਐਸਆਈ ਜਸਵਿੰਦਰ ਸਿੰਘ ਸਿਟੀ ਥਾਣਾ-2 (ਅਰਬਨ ਅਸਟੇਟ) ਵਿੱਚ ਤਾਇਨਾਤ ਹੈ। ਉਸ ਨੂੰ ਪੁਲਿਸ ਵਿਭਾਗ ਦੀ ਅਸਲਾ ਖਾਨਾ ਬਰਾਂਚ ਵਿੱਚੋਂ ਇੱਕ 9 ਐਮਐਮ ਦੀ ਪਿਸਤੌਲ ਨੰ. 18595884 ਮਾਡਲ 2013 ਸਮੇਤ 30 ਕਾਰਤੂਸ ਮਿਲੇ ਸਨ। 24 ਸਤੰਬਰ 2023 ਨੂੰ ਉਸ ਨੇ ਅਸਲਾ ਸਟੋਰ ਵਿੱਚ 20 ਕਾਰਤੂਸ ਜਮ੍ਹਾਂ ਕਰਵਾਏ ਸਨ।

ਸਰਕਾਰੀ ਪਿਸਤੌਲ ਅਤੇ 10 ਕਾਰਤੂਸ ਉਸਨੇ ਗੁਆ ਲਏ ਹਨ। ਮੁਲਜ਼ਮ ਏਐਸਆਈ ਜਸਵਿੰਦਰ ਸਿੰਘ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਸਰਕਾਰੀ ਅਸਲੇ ਨੂੰ ਸਹੀ ਢੰਗ ਨਾਲ ਨਹੀਂ ਸੰਭਾਲ ਸਕਿਆ। ਸਰਕਾਰੀ ਹਥਿਆਰ ਗਾਇਬ ਹੋਣ ਕਾਰਨ ਵਿਭਾਗ ਵੱਲੋਂ ਏ.ਐਸ.ਆਈ ਖ਼ਿਲਾਫ਼ ਥਾਣਾ ਸਿਟੀ-1 ਵਿੱਚ ਫ਼ੌਜਦਾਰੀ ਜ਼ਾਬਤਾ ਦੀ ਧਾਰਾ 409 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਏਐਸਆਈ ਕਮਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।