ਕੁਵੈਤ ਦੇ 8 ਲੱਖ ਭਾਰਤੀ ਕਾਮਿਆਂ ਦਾ ਰੁਜ਼ਗਾਰ ਬਚਾਉਣ ਲਈ ਦਖ਼ਲਅੰਦਾਜ਼ੀ ਕਰਨ PM – ਭਗਵੰਤ ਮਾਨ

0
1151

ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ੀ-ਰੋਟੀ ਲਈ ਕੁਵੈਤ ਗਏ ਉਨ੍ਹਾਂ 8 ਲੱਖ ਭਾਰਤੀਆਂ ਦਾ ਮਾਮਲਾ ਕੁਵੈਤ ਸਰਕਾਰ ਕੋਲ ਉਠਾਉਣ ਜਿੰਨਾ ਉੱਤੇ ਕੁਵੈਤ ਛੱਡਣ ਦੀ ਤਲਵਾਰ ਲਟਕ ਗਈ ਹੈ। ‘ਆਪ’ ਸਾਂਸਦ ਨੇ ਇਹ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਕੀਤੀ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਕੁਵੈਤ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਵਿਦੇਸ਼ੀ ਕੋਟਾ ਬਿਲ ਨੂੰ ਕੁਵੈਤ ਦੀ ਸੰਸਦੀ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਉਪਰੰਤ ਲਗਭਗ 8 ਲੱਖ ਭਾਰਤੀ ਕਾਮਿਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ, ”ਬੇਸ਼ੱਕ ਇਹ ਕੁਵੈਤ ਸਰਕਾਰ ਦਾ ਆਪਣਾ ਸੁਤੰਤਰ ਫ਼ੈਸਲਾ ਹੈ, ਪਰੰਤੂ ਇਸ ਦਾ ਭਾਰਤੀ ਕਾਮਿਆਂ ‘ਤੇ ਬਹੁਤ ਬੁਰਾ ਅਸਰ ਪਵੇਗਾ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਗਰਿਕਾਂ ਲਈ ਕੁਵੈਤ ਸਰਕਾਰ ਨੂੰ ਇਸ ਫ਼ੈਸਲੇ ‘ਤੇ ਪੁਨਰਵਿਚਾਰ ਕਰਨ ਦੀ ਅਪੀਲ ਕਰਨ ਤਾਂ ਕਿ ਰੋਜ਼ੀ-ਰੋਟੀ ਲਈ ਬੜੀਆਂ ਮੁਸ਼ਕਲਾਂ ਨਾਲ ਵਿਦੇਸ਼ ਗਏ ਭਾਰਤੀ ਕਾਮਿਆਂ ਦਾ ਰੁਜ਼ਗਾਰ ਨਾ ਖੁੱਸੇ।”

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਲਿਖਿਆ ਕਿ ਜੇਕਰ ਕੁਵੈਤ ਸਰਕਾਰ ਵੀ 8 ਲੱਖ ਭਾਰਤੀ ਕਾਮਿਆਂ ਨੂੰ ਵਾਪਸ ਭਾਰਤ ਆਉਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਦੇਸ਼ ‘ਚ ਬੇਰੁਜ਼ਗਾਰੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਆਰਥਿਕਤਾ ਨੂੰ ਹੋਰ ਸੱਟ ਵੱਜੇਗੀ। ਇਸ ਲਈ ਭਾਰਤ ਸਰਕਾਰ ਨੂੰ ਆਪਣੀ ਕੂਟਨੀਤਕ ਪਹੁੰਚ ਰਾਹੀਂ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ‘ਚ ਕੇਰਲਾ ਅਤੇ ਹੋਰ ਸੂਬਿਆਂ ਸਮੇਤ ਪੰਜਾਬ ਦੇ ਕਾਮੇ ਵੀ ਵੱਡੀ ਗਿਣਤੀ ‘ਚ ਹਨ।

ਭਗਵੰਤ ਮਾਨ ਨੇ ਆਪਣੇ ਪੱਤਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਵੀ ਕੱਸਿਆ ਅਤੇ ਕਿਹਾ ਕਿ ਜੇਕਰ ਭਾਰਤ ਸਰਕਾਰ (ਨਰਿੰਦਰ ਮੋਦੀ) ਆਪਣੇ ਚੋਣ ਵਾਅਦੇ ਮੁਤਾਬਿਕ ਭਾਰਤੀ ਨੌਜਵਾਨਾਂ, ਬੇਰੁਜ਼ਗਾਰਾਂ ਨੂੰ ਪ੍ਰਤੀ ਸਾਲ 2 ਕਰੋੜ ਨੌਕਰੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀਆਂ ਦੇ ਦਿੰਦੇ ਤਾਂ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਖਾੜੀ ਦੇਸ਼ਾਂ ‘ਚ ‘ਗ਼ੁਲਾਮਾਂ’ ਵਰਗੀਆਂ ਨੌਕਰੀਆਂ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖਿਆ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ‘ਚ ਕੰਮ ਕਰਦੇ ਭਾਰਤੀਆਂ ਲਈ ਰੁਜ਼ਗਾਰ ਦੇ ਮੌਕੇ ਸੀਮਤ ਕਰ ਦਿੱਤੇ ਹਨ। ਇਸ ਲਈ ਭਾਰਤ ਸਰਕਾਰ ਦੇਸ਼ ਅੰਦਰ ਰੁਜ਼ਗਾਰ ਦੇ ਵਿਆਪਕ ਮੌਕੇ ਪੈਦਾ ਕਰਕੇ ਇਸ ਸੰਕਟ ਨਾਲ ਨਿਪਟੇ।