ਝਾਰਖੰਡ| ਜਮਸ਼ੇਦਪੁਰ ‘ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਖੁਦ ‘ਤੇ ਮਿੱਟੀ ਦਾ ਤੇਲ ਛਿੜਕ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਗੰਭੀਰ ਰੂਪ ‘ਚ ਝੁਲਸੀ ਵਿਦਿਆਰਥਣ ਨੂੰ ਗੰਭੀਰ ਹਾਲਤ ‘ਚ MGM ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਟੀ.ਐਮ.ਐਚ. ਰੈਫਰ ਕੀਤੀ ਗਿਆ। ਡਾਕਟਰਾਂ ਮੁਤਾਬਕ ਲੜਕੀ ਦਾ 80 ਫੀਸਦੀ ਸਰੀਰ ਝੁਲਸ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲੜਕੀ ਦਾ ਘਰ ਛਾਇਆਨਗਰ ਬਸਤੀ ਵਿੱਚ ਹੈ, ਜਦਕਿ ਉਸ ਦਾ ਸਕੂਲ ਸਾਕਚੀ ਥਾਣਾ ਖੇਤਰ ਵਿੱਚ ਹੈ। ਪ੍ਰੀਖਿਆ ਤੋਂ ਬਾਅਦ ਵਿਦਿਆਰਥਣ ਨੇ ਸ਼ੁੱਕਰਵਾਰ ਸ਼ਾਮ 5 ਵਜੇ ਘਰ ਜਾ ਕੇ ਖੁਦ ਨੂੰ ਅੱਗ ਲਗਾ ਲਈ। ਦੋਸ਼ ਹੈ ਕਿ ਸਕੂਲ ‘ਚ ਪ੍ਰੀਖਿਆ ਦੌਰਾਨ ਇਕ ਅਧਿਆਪਕ ਨੇ ਨਕਲ ਦੇ ਸ਼ੱਕ ‘ਚ ਵਿਦਿਆਰਥਣ ਦੇ ਕੱਪੜੇ ਉਤਾਰ ਦਿੱਤੇ ਸਨ। ਇਸ ਘਟਨਾ ਤੋਂ ਗੁੱਸੇ ‘ਚ ਆਏ ਰਿਸ਼ਤੇਦਾਰ ਅਤੇ ਪਿੰਡ ਵਾਸੀ ਟੀ.ਐਮ.ਐਚ. ਪੁੱਜੇ ਅਤੇ ਹੰਗਾਮਾ ਕੀਤਾ। ਉਨ੍ਹਾਂ ਨੇ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਇਕ ਨਿਊਜ਼ ਏਜੰਸੀ ਮੁਤਾਬਕ ਪੁਲਸ ਨੇ ਟੀ.ਐੱਮ.ਐੱਚ. ਪਹੁੰਚ ਕੇ ਵਿਦਿਆਰਥਣ ਦਾ ਬਿਆਨ ਲਿਆ। ਵਿਦਿਆਰਥਣ ਨੇ ਦੱਸਿਆ ਕਿ ਮੈਡਮ ਨੇ ਸਭ ਦੇ ਸਾਹਮਣੇ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਕਲਾਸ ਵਿੱਚ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਦੁੱਖੀ ਹੋ ਕੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਵਿਦਿਆਰਥਣ ਨੇ ਕਿਹਾ ਕਿ ਉਹ ਪ੍ਰੀਖਿਆ ਵਿੱਚ ਨਕਲ ਨਹੀਂ ਕਰ ਰਹੀ ਸੀ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਸੀ ਕਿ ਵਿਦਿਆਰਥਣ ਨਕਲ ਕਰ ਰਹੀ ਹੈ। ਇਸ ਦੌਰਾਨ ਉਸ ਨੂੰ ਸਿਰਫ ਝਿੜਕਿਆ ਗਿਆ ਸੀ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਲੜਕੀ ਦੇ ਕੱਪੜੇ ਉਤਾਰੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ੁੱਕਰਵਾਰ ਨੂੰ ਪ੍ਰੀਖਿਆ ਦੇ ਕੇ ਘਰ ਪਰਤੀ ਸੀ। ਉਹ ਬਹੁਤ ਪਰੇਸ਼ਾਨ ਸੀ। ਫਿਰ ਉਸ ਨੇ ਸਕੂਲ ਦੀ ਡਰੈੱਸ ‘ਚ ਹੀ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪੀੜਤਾ ਦੇ ਸਹੇਲੀ ਨੇ ਉਨ੍ਹਾਂ ਨੂੰ ਕੱਪੜੇ ਉਤਾਰਨ ਬਾਰੇ ਦੱਸਿਆ ਸੀ।