ਚੋਰ ਹੋਣ ਦੇ ਸ਼ੱਕ ‘ਚ ਨੌਜਵਾਨ ਦੀਆਂ ਤੋੜੀਆਂ ਲੱਤਾਂ, ਹਮਲਾਵਾਰਾਂ ਨੇ ਕੁੱਟ-ਕੁੱਟ ਕਰਤਾ ਅੱਧ ਮਰਿਆ

0
479

ਫਾਜ਼ਿਲਕਾ, 24 ਸਤੰਬਰ | ਬੀਤੀ ਰਾਤ ਅਬੋਹਰ ਦੇ ਪਿੰਡ ਬੁਰਜਮੁਹਾਰ ਦੇ ਵਸਨੀਕ ਇੱਕ ਨੌਜਵਾਨ ‘ਤੇ ਉਸੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸ਼ਵਿੰਦਰ ਪੁੱਤਰ ਕੁਲਦੀਪ ਉਮਰ ਕਰੀਬ 26 ਸਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹੇਅਰ ਡ੍ਰੈਸਰ ਦਾ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 11.30 ਵਜੇ ਉਹ ਆਪਣੇ ਮਾਮੇ ਨਾਲ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਖੇਤ ਨੂੰ ਪਾਣੀ ਦੇਣ ਗਿਆ ਸੀ। ਜਦੋਂ ਉਸ ਦਾ ਮਾਮਾ ਬਾਥਰੂਮ ਗਿਆ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀ ਉੱਥੇ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ ਚੋਰ ਸਮਝ ਕੇ ਡੰਡਿਆਂ ਅਤੇ ਬਰਛਿਆਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਜਦੋਂ ਉਸ ਦਾ ਮਾਮਾ ਉਸ ਨੂੰ ਬਚਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਡੰਡਿਆਂ ਨਾਲ ਕੁੱਟਿਆ, ਜਿਸ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਸ਼ਵਿੰਦਰਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਇਸ ਦੌਰਾਨ ਜਦੋਂ ਸ਼ਵਿੰਦਰਾ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਪੰਚ-ਸਰਪੰਚ ਰਾਤ ਨੂੰ ਖੇਤ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸ਼ਵਿੰਦਰਾ ਖੂਨ ਨਾਲ ਲੱਥਪੱਥ ਹਾਲਤ ‘ਚ ਪਿਆ ਸੀ, ਜਿਸ ਦੀਆਂ ਲੱਤਾਂ ‘ਤੇ ਕਈ ਵਾਰ ਕੀਤੇ ਗਏ ਸਨ, ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।

ਜਦਕਿ ਡਾਕਟਰਾਂ ਅਨੁਸਾਰ ਸ਼ਵਿੰਦਰਾ ਦੀਆਂ ਲੱਤਾਂ ‘ਤੇ ਡੂੰਘੇ ਜ਼ਖਮ ਹਨ, ਜਿਸ ਦਾ ਐਕਸਰੇ ਕਰਵਾਇਆ ਜਾਵੇਗਾ, ਜਿਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |