ਸੂਰਿਆ ਕੁਮਾਰ ਯਾਦਵ ਨੇ ਤੋੜਿਆ ਧੋਨੀ ਦਾ 16 ਸਾਲ ਪੁਰਾਣਾ ਰਿਕਾਰਡ, ਦੱਖਣ ਅਫਰੀਕਾ ‘ਚ ਕਪਤਾਨ ਵਜੋਂ ਖੇਡੀ ਇਹ ਪਾਰੀ

0
640

ਨਵੀਂ ਦਿੱਲੀ, 13 ਦਸੰਬਰ | ਭਾਰਤੀ ਟੀਮ ਦੇ ਨਵੇਂ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਦੂਜੇ ਟੀ-20 ਵਿਚ ਵੱਡੀ ਉਪਲੱਬਧੀ ਹਾਸਲ ਕੀਤੀ। ਇਸ ਮੈਚ ਵਿਚ ਭਾਵੇਂ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੂਰਿਆ ਨੇ ਇਕ ਵਾਰ ਫਿਰ ਅਰਧ ਸੈਂਕੜਾ ਜੜਿਆ।

ਸੂਰਿਆ ਦੀ ਪਾਰੀ ਦਾ ਟੀਮ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਇਸ ਦੌਰਾਨ ਉਸ ਨੇ ਇਕ ਖਾਸ ਰਿਕਾਰਡ ਹਾਸਲ ਕੀਤਾ। ਉਹ ਦੱਖਣੀ ਅਫਰੀਕਾ ਦੀ ਧਰਤੀ ‘ਤੇ ਕਪਤਾਨ ਦੇ ਤੌਰ ‘ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਅਰਧ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਕਪਤਾਨ ਬਣ ਗਿਆ ਹੈ। ਇਸ ਮਾਮਲੇ ‘ਚ ਉਸ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।

ਦਰਅਸਲ, ਦੱਖਣੀ ਅਫਰੀਕਾ ਦੀ ਧਰਤੀ ‘ਤੇ ਟੀ-20 ਕ੍ਰਿਕਟ ‘ਚ ਭਾਰਤ ਵੱਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਹੁਣ ਸੂਰਿਆ ਕੁਮਾਰ ਯਾਦਵ ਦੇ ਨਾਂ ਦਰਜ ਹੋ ਗਿਆ ਹੈ। MS ਧੋਨੀ ਨੇ ਸਾਲ 2007 ‘ਚ 45 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਸੂਰਿਆ ਧੋਨੀ ਤੋਂ ਵੀ ਅੱਗੇ ਨਿਕਲ ਗਏ ਹਨ।

ਤੁਹਾਨੂੰ ਦੱਸ ਦਈਏ ਕਿ ਦੂਜੇ ਟੀ-20 ਮੈਚ ‘ਚ ਸੂਰਿਆ ਕੁਮਾਰ ਯਾਦਵ ਨੇ ਦੱਖਣੀ ਅਫਰੀਕਾ ਖਿਲਾਫ਼ 36 ਗੇਂਦਾਂ ਦਾ ਸਾਹਮਣਾ ਕੀਤਾ ਤੇ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 56 ਦੌੜਾਂ ਦੀ ਅਹਿਮ ਪਾਰੀ ਖੇਡੀ। ਸੂਰਿਆ ਦੇ ਟੀ-20 ਕਰੀਅਰ ਦਾ ਇਹ 17ਵਾਂ ਅਰਧ ਸੈਂਕੜਾ ਹੈ। ਇਸ ਨਾਲ ਹੀ ਸੂਰਿਆ ਕੁਮਾਰ ਯਾਦਵ ਨੇ ਟੀ-20 ਕ੍ਰਿਕਟ ‘ਚ 2 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ।

ਇਸ ਤੋਂ ਇਲਾਵਾ ਸੂਰਿਆ ਕੁਮਾਰ ਯਾਦਵ ਟੀ-20 ‘ਚ ਸਾਂਝੇ ਤੌਰ ‘ਤੇ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਨੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।