ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੁਫ਼ਰ ਤੋਲਣ ਦੀ ਖਿੱਲੀ ਉਡਾਉਂਦਿਆ ਕਿਹਾ ਕਿ ਇਸ ਨਾਲ ਉਸ ਦੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਖੁਰੇ ਹੋਏ ਸਿਆਸੀ ਵੱਕਾਰ ਨੂੰ ਬਹਾਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ,ਜਿਸ ਲਈ ਉਸ ਨੇ ਸੰਜੀਦਗੀ ਦਾ ਵੀ ਪੱਲਾ ਛੱਡ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕਿਹੋ ਜਿਹੇ ਕਿਰਦਾਰ ਵਾਲਾ ਇਨਸਾਨ ਹੈ ਅਤੇ ਸੂਬੇ ਦੇ ਲੋਕ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਖਿਲਾਫ਼ ਸੁਖਬੀਰ ਦਾ ਤਾਜਾ ਹਮਲਾ ਉਸ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ, ਜਿਸ ਵਿਚੋਂ ਉਹ ਇਸ ਵੇਲੇ ਗੁਜ਼ਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੇ ਹੋਰ ਕੇਸਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਨਿਰਾਸ਼ਜਨਕ ਕੋਸ਼ਿਸ਼ਾਂ ਨਾਲ ਸੁਖਬੀਰ ਸਪੱਸ਼ਟ ਤੌਰ ‘ਤੇ ਤਲਖ ਹਕੀਕਤਾਂ ਨਾਲ ਜੂਝ ਰਿਹਾ ਹੈ ਕਿ ਹੁਣ ਉਸ ਦੇ ਜੁਰਮ ਉਸ ਨੂੰ ਫੜ ਰਹੇ ਹਨ।
ਕੈਪਟਨ ਨੇ ਕਿਹਾ ਕਿ ਸੁਖਬੀਰ ਭੁੱਲ ਗਿਆ ਹੈ ਕਿ ਜਦੋਂ ਪੰਜਾਬ ਵਿਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਸੀ ਤਾਂ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਤੇ ਉਹ ਇਹ ਵੀ ਭੁੱਲ ਗਿਆ ਹੈ ਕਿ ਜਦੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਬੇਕਸੂਰ ਲੋਕਾਂ ਉੱਤੇ ਗੋਲੀਆਂ ਚਲਾਈ ਗਈਆਂ ਸਨ ਤਾਂ ਉਸ ਵੇਲੇ ਸੂਬੇ ਦਾ ਗ੍ਰਹਿ ਮੰਤਰੀ ਕੌਣ ਸੀ।
ਉਹਨਾਂ ਕਿਹਾ ਕਿ ਨਾ ਹੀ ਲੋਕ ਉਹ ਘਟਨਾਵਾਂ ਨੂੰ ਭੁੱਲ ਗਏ ਹਨ ਤੇ ਨਾ ਹੀ ਲੋਕ ਉਸ ਦੀ ਪਾਰਟੀ ਨੂੰ ਮਾਫ਼ ਕਰਨਗੇ।